ਵੱਖਵਾਦੀ ਭਾਰਤੀ ਉਪਦੇਸ਼ਕ ਜ਼ਾਕਿਰ ਨਾਈਕ ਦੀ ਨਹੀਂ ਹੋਵੇਗੀ ਹਵਾਲਗੀ : ਮਲੇਸ਼ੀਆਈ ਪ੍ਰਧਾਨ ਮੰਤਰੀ

07/06/2018 5:53:22 PM

ਪੁੱਤਰਜੈ (ਏ.ਐਫ.ਪੀ.)- ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਵਾਦਪੂਰਨ ਭਾਰਤੀ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਈਕ (52) ਨੂੰ ਵਾਪਸ ਭਾਰਤ ਨਹੀਂ ਭੇਜਿਆ ਜਾਵੇਗਾ। ਉਹ ਭਾਰਤ ਵਿਚ ਕਥਿਤ ਤੌਰ 'ਤੇ ਅੱਤਵਾਦੀ ਗਤੀਵਿਧੀਆਂ ਦੇ ਸਿਲਸਿਲੇ ਵਿਚ ਲੋੜੀਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਟੀ.ਵੀ 'ਤੇ ਵੱਖਵਾਦੀ ਉਪਦੇਸ਼ ਦੇਣ ਵਾਲਾ ਜ਼ਾਕਿਰ ਨਾਈਕ 2016 ਵਿਚ ਭਾਰਤ ਤੋਂ ਵਿਦੇਸ਼ ਚਲਾ ਗਿਆ ਸੀ। ਬਾਅਦ ਵਿਚ ਉਹ ਮਲੇਸ਼ੀਆ ਚਲਾ ਗਿਆ, ਜਿਥੇ ਉਸ ਨੂੰ ਸਥਾਈ ਤੌਰ 'ਤੇ ਰਹਿਣ ਦੀ ਮਨਜ਼ੂਰੀ ਮਿਲ ਗਈ। ਭਾਰਤੀ ਮੀਡੀਆ ਦੀਆਂ ਖਬਰਾਂ ਮੁਤਾਬਕ ਭਾਰਤ ਨੇ ਜਨਵਰੀ ਵਿਚ ਉਸ ਦੀ ਹਵਾਲਗੀ ਦੀ ਅਪੀਲ ਕੀਤੀ ਸੀ। ਦੋਹਾਂ ਦੇਸ਼ਾਂ ਵਿਚ ਹਵਾਲਗੀ ਸੰਧੀ ਹੈ। ਕੁਆਲਾਲੰਪੁਰ ਦੇ ਬਾਹਰ ਪ੍ਰਸ਼ਾਸਨਿਕ ਰਾਜਧਾਨੀ ਪੁੱਤਰਜੈ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਮਹਾਤਿਰ ਨੇ ਕਿਹਾ ਕਿ ਜਦੋਂ ਤੱਕ ਉਹ ਕੋਈ ਸਮੱਸਿਆ ਖੜੀ ਨਹੀਂ ਕਰ ਰਿਹਾ, ਅਸੀਂ ਉਸ ਨੂੰ ਵਾਪਸ ਨਹੀਂ ਭੇਜਾਂਗੇ ਕਿਉਂਕਿ ਉਸ ਨੂੰ ਗੈਰ ਨਾਗਰਿਕ ਸਥਾਈ ਵਾਸੀ ਦਾ ਦਰਜਾ ਦਿੱਤਾ ਗਿਆ ਹੈ। ਖਬਰਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਨਾਇਕ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ ਕਿਉਂਕਿ ਉਸ 'ਤੇ ਆਪਣੇ ਭੜਕਾਊ ਬਿਆਨਾਂ ਰਾਹੀਂ ਕਥਿਤ ਤੌਰ 'ਤੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਉਕਸਾਉਣ ਦਾ ਦੋਸ਼ ਸੀ। ਨਾਈਕ ਨੇ ਮੀਡੀਆ ਵਿਚ ਆਈਆਂ ਖਬਰਾਂ ਨੂੰ ਸਿਰਿਓਂ ਤੋਂ ਗਲਤ ਅਤੇ ਝੂਠੀਆਂ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਉਦੋਂ ਤੱਕ ਭਾਰਤ ਆਉਣ ਦਾ ਕੋਈ ਇਰਾਦਾ ਨਹੀਂ, ਜਦੋਂ ਤੱਕ ਉਹ ਇਹ ਮਹਿਸੂਸ ਨਹੀਂ ਕਰਦਾ ਕਿ ਉਹ ਸੁਰੱਖਿਅਤ ਰਹੇਗਾ ਅਤੇ ਮਾਮਲੇ ਦੀ ਨਿਰਪੱਖ ਸੁਣਵਾਈ ਹੋਵੇਗੀ। ਨਾਈਕ 'ਤੇ ਸਾਲ 2010 ਵਿਚ ਕਥਿਤ ਤੌਰ 'ਤੇ ਬ੍ਰਿਟੇਨ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਗਈ ਸੀ। ਨਾਈਕ ਦੀ ਹਵਾਲਗੀ ਦੀ ਅਪੀਲ ਜਾਂ ਉਸ ਖਿਲਾਫ ਕਿਸੇ ਮੌਜੂਦਾ ਦੋਸ਼ ਨੂੰ ਲੈ ਕੇ ਨਾ ਤਾਂ ਭਾਰਤ ਅਤੇ ਨਾ ਹੀ ਮਲਯ ਅਧਿਕਾਰੀਆਂ ਵਲੋਂ ਕੋਈ ਪੁਸ਼ਟੀ ਕੀਤੀ ਗਈ ਹੈ।


Related News