ਸਿੰਗਾਪੁਰ ''ਚ ਭਾਰਤੀ ਮੂਲ ਦੇ ਪ੍ਰੀਤਮ ਸਿੰਘ ਬਣੇ ਵਿਰੋਧੀ ਧਿਰ ਦੇ ਪਹਿਲੇ ਨੇਤਾ
Monday, Aug 31, 2020 - 07:07 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨੇਤਾ ਪ੍ਰੀਤਮ ਸਿੰਘ ਨੇ ਇਥੇ ਵਿਰੋਧੀ ਧਿਰ ਦੇ ਪਹਿਲੇ ਨੇਤਾ ਦਾ ਅਹੁਦਾ ਸੰਭਾਲਣ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ। ਸੰਸਦ ਨੇ ਸੋਮਵਾਰ ਨੂੰ ਉਨ੍ਹਾਂ ਨੂ ਇਹ ਜ਼ਿੰਮੇਦਾਰੀ ਸੌਂਪੀ। ਸਿੰਘ ਦੀ ਵਰਕਰਸ ਪਾਰਟੀ 10 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ 93 ਵਿਚੋਂ 10 ਸੀਟਾਂ ਜਿੱਤ ਕੇ ਸਿੰਗਾਪੁਰ ਦੇ ਸੰਸਦੀ ਇਤਿਹਾਸ ਵਿਚ ਸਭ ਤੋਂ ਵੱਡੇ ਵਿਰੋਧੀ ਧਿਰ ਦੇ ਰੂਪ ਵਿਚ ਉਭਰੀ ਹੈ।
ਸੈਸ਼ਨ ਦੀ ਸ਼ੁਰੂਆਤ ਵਿਚ ਨੇਤਾ ਸਦਨ ਇੰਦ੍ਰਾਣੀ ਰਾਜਾ ਨੇ 43 ਸਾਲਾ ਸਿੰਘ ਨੂੰ ਰਸਮੀ ਰੂਪ ਨਾਲ ਦੇਸ਼ ਦੇ ਵਿਰੋਧੀ ਧਿਰ ਦੇ ਪਹਿਲੇ ਨੇਤਾ ਦੇ ਤੌਰ 'ਤੇ ਮਾਨਤਾ ਦਿੱਤੀ। ਭਾਰਤੀ ਮੂਲ ਦੀ ਇੰਦ੍ਰਾਣੀ ਰਾਜਾ ਸੱਤਾਧਾਰੀ ਪੀਪਲਸ ਐਕਸ਼ਨ ਪਾਰਟੀ (ਪੀ.ਏ.ਪੀ.) ਦੀ ਨੇਤਾ ਹਨ। ਪੀ.ਏ.ਪੀ. ਦਾ 83 ਮੈਂਬਰਾਂ ਦੇ ਨਾਲ ਸਦਨ ਵਿਚ ਬਹੁਮਤ ਹੈ। ਚੈਨਲ ਨਿਊਜ਼ ਏਸ਼ੀਆ ਮੁਤਾਬਕ ਸਿੰਘ ਹੁਣ ਪ੍ਰਧਾਨ ਮੰਤਰੀ ਲਈ ਸੀਨ ਲਾਂਗ ਦੇ ਠੀਕ ਸਾਹਮਣੇ ਬੈਠਣਗੇ। ਸਿੰਘ ਨੇ ਆਪਣੇ ਭਾਸ਼ਣ ਵਿਚ ਵਿਦੇਸ਼ੀਆਂ ਤੇ ਉਹ ਜਿਨ੍ਹਾਂ ਹਾਲਾਤਾਂ ਵਿਚ ਰਹਿ ਰਹੇ ਹਨ, ਉਨ੍ਹਾਂ 'ਤੇ ਧਿਆਨ ਦੇਣ ਦੀ ਲੋੜ ਦਾ ਜ਼ਿਕਰ ਕੀਤਾ। ਨਿਊਜ਼ ਏਸ਼ੀਆ ਨੇ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ (ਵਿਦੇਸ਼ੀਆਂ ਦੀ) ਮੌਜੂਦਗੀ ਸਿੰਗਾਪੁਰ ਨੂੰ ਜ਼ਿੰਦਗੀ ਦਿੰਦੀ ਹੈ ਜੋ ਸਾਨੂੰ ਆਰਥਿਕ ਤੌਰ 'ਤੇ ਬਿਹਤਰ ਬਣਾਉਂਦੀ ਹੈ ਤੇ ਸਾਡੇ ਸਾਥੀ ਸਿੰਗਾਪੁਰ ਵਾਸੀਆਂ ਨੂੰ ਨੌਕਰੀਆਂ ਤੇ ਮੌਕੇ ਦਿੰਦੇ ਹਨ।