ਭਾਰਤੀ ਮੂਲ ਦੇ ਸਾਂਸਦਾਂ, ਬਾਈਡੇਨ ਪ੍ਰਸ਼ਾਸਨ ਦੇ ਚੋਟੀ ਦੇ ਮੈਂਬਰਾਂ ਨੇ ਕਾਂਗਰਸ ''ਚ ਮਨਾਈ ''ਦੀਵਾਲੀ''

Wednesday, Oct 27, 2021 - 10:50 AM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਦੇ ਚੋਟੀ ਦੇ ਮੈਂਬਰਾਂ ਅਤੇ ਦੇਸ਼ ਭਰ ਦੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਇੱਕ ਸਮੂਹ ਅਮਰੀਕੀ ਕਾਂਗਰਸ ਦੇ ਟੈਂਪਲ ਆਫ ਡੈਮੋਕ੍ਰੇਸੀ ਵਿੱਚ ‘ਦੀਵਾਲੀ’ ਮਨਾਉਣ ਲਈ ਇਕੱਠਾ ਹੋਇਆ। ਅਮਰੀਕੀ ਕਾਂਗਰਸ ਵਿੱਚ ਇਹ ਦ੍ਰਿਸ਼ ਅਮਰੀਕਾ ਦੇ ਸਮਾਜਿਕ-ਸਿਆਸੀ ਲੈਂਡਸਕੇਪ ਵਿੱਚ ਇਸ ਛੋਟੇ ਪਰ ਪ੍ਰਭਾਵਸ਼ਾਲੀ ਭਾਈਚਾਰੇ ਦੇ ਉਭਾਰ ਨੂੰ ਦਰਸਾਉਂਦਾ ਹੈ। ਸੰਸਦ ਮੈਂਬਰਾਂ ਨੇ ਅਮਰੀਕਾ ਦੇ ਵਿਕਾਸ ਵਿੱਚ ਭਾਰਤੀ-ਅਮਰੀਕੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕੋਵਿਡ-19 ਤੋਂ ਬਾਅਦ ਦੀ ਦੁਨੀਆ ਵਿੱਚ ਦੀਵਾਲੀ ਦੇ ਮਹੱਤਵ ਨੂੰ ਉਜਾਗਰ ਕੀਤਾ। 

ਯੂਐਸ ਸਰਜਨ ਜਨਰਲ ਡਾ. ਵਿਵੇਕ ਮੂਰਤੀ ਨੇ ਪ੍ਰੋਗਰਾਮ ਵਿੱਚ ਕਿਹਾ,“ਅਸੀਂ ਪਿਛਲੇ ਲਗਭਗ ਦੋ ਸਾਲਾਂ ਤੋਂ ਇੱਕ ਵਿਸ਼ਵਵਿਆਪੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ, ਜਿਸ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਮੈਂ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਪਰਿਵਾਰਕ ਮੈਂਬਰ ਅਤੇ ਦੋਸਤ ਗੁਆ ਚੁੱਕੇ ਹਨ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵੀ ਇਹੋ ਦਰਦ ਝੱਲਿਆ ਹੈ, ਭਾਵੇਂ ਉਹ ਇੱਥੇ ਰਹਿੰਦੇ ਪਰਿਵਾਰ ਨਾਲ ਸਬੰਧਤ ਹੋਵੇ, ਤੁਹਾਡੇ ਪਰਿਵਾਰ ਦਾ ਭਾਰਤ ਵਿੱਚ ਵੱਸਣ ਦਾ ਹੋਵੇ ਜਾਂ ਪਰਵਾਸੀ ਜਾਂ ਦੁਨੀਆ ਵਿੱਚ ਕਿਤੇ ਵੀ ਰਹਿਣ ਵਾਲੇ ਪਿਆਰਿਆਂ ਨਾਲ, ਅਸੀਂ ਬਹੁਤ ਕੁਝ ਸਹਿਣ ਕੀਤਾ ਹੈ।'' ਉਹਨਾਂ ਨੇ ਅੱਗੇ ਕਿਹਾ,“ਪਰ ਪਿਛਲੇ ਕੁਝ ਸਾਲਾਂ ਵਿੱਚ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਚਿੰਤਤ ਕੀਤਾ ਹੈ ਉਹ ਹੈ ਅਦਿੱਖ ਮਹਾਮਾਰੀ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਇਹ ਧਰੁਵੀਕਰਨ ਦੀ ਮਹਾਮਾਰੀ ਹੈ, ਜਿੱਥੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੇ ਵਿਰੁੱਧ ਹੋ ਗਏ ਹਨ, ਜਿੱਥੇ ਉਹ ਇੱਕ ਦੂਜੇ ਨੂੰ ਦੁਸ਼ਮਣ ਸਮਝਦੇ ਹਨ, ਇੱਕ ਦੂਜੇ ਨੂੰ ਬੁਰਾ-ਭਲਾ ਕਹਿੰਦੇ ਹਨ ਅਤੇ ਇੱਕ ਦੂਜੇ ਦੇ ਖ਼ਿਲਾਫ਼ ਹੋ ਗਏ ਹਨ। ਇਹ ਇੱਕ ਵੱਖਰੀ ਕਿਸਮ ਦਾ ਹਨੇਰਾ ਹੈ।” 

ਪੜ੍ਹੋ ਇਹ ਅਹਿਮ ਖਬਰ- ਅਕਤੂਬਰ ਨੂੰ 'ਹਿੰਦੂ ਵਿਰਾਸਤੀ ਮਹੀਨੇ' ਵਜੋਂ ਮਨਾ ਰਹੇ ਹਨ ਅਮਰੀਕੀ  

ਕੈਪੀਟਲ ਹਿੱਲ ਵਿਚ ਦੀਵਾਲੀ ਸਮਾਰੋਹ ਦਾ ਆਯੋਜਨ ਇੰਡੀਆਸਪੋਰਾ ਦੁਆਰਾ ਕਈ ਭਾਈਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਆਪਣੀ ਮਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਡਾਕਟਰ ਮੂਰਤੀ ਨੇ ਕਿਹਾ ਕਿ ਦੀਵਾਲੀ ਨੂੰ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਦਿਨ ਮੰਨਿਆ ਜਾਂਦਾ ਹੈ। ਉਹਨਾਂ ਨੇ ਕਿਹਾ,"ਉਹ ਹਮੇਸ਼ਾ ਕਹਿੰਦੀ ਸੀ ਕਿ ਵਿਵੇਕ, ਤੁਸੀਂ ਅਮਰੀਕਾ ਵਿੱਚ ਜਿਨ੍ਹਾਂ ਲੋਕਾਂ ਨੂੰ ਮਿਲੋਗੇ ਉਹ ਵੱਖੋ-ਵੱਖਰੇ ਧਰਮਾਂ ਅਤੇ ਪਰੰਪਰਾਵਾਂ ਦੇ ਹੋਣਗੇ ਪਰ ਯਾਦ ਰੱਖੋ ਕਿ ਪਰਮਾਤਮਾ ਦੀ ਰੌਸ਼ਨੀ ਉਨ੍ਹਾਂ ਸਾਰਿਆਂ ਦੇ ਅੰਦਰ ਮੌਜੂਦ ਹੈ, ਭਾਵੇਂ ਉਹ ਕਿਸੇ ਵੀ ਜਗ੍ਹਾ ਤੋਂ ਆਏ ਹੋਣ।" ਭਾਰਤੀ ਅਮਰੀਕੀ ਸੰਸਦ ਮੈਂਬਰ ਡਾ. ਐਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਭਾਈਚਾਰੇ ਨੂੰ ਇਸ ਮੌਕੇ ਵਧਾਈ ਦਿੱਤੀ। 

ਜੈਪਾਲ ਨੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਮੈਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਮਹਿਲਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਆਖਰੀ ਨਹੀਂ ਹੋਵਾਂਗੀ।” ਸੰਸਦ ਮੈਂਬਰ ਜੂਡੀ ਚੂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਰਿਕਾਰਡ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਸ਼ਾਮਲ ਕੀਤਾ ਹੈ। ਪ੍ਰਸਿੱਧ ਅਫਰੀਕਨ-ਅਮਰੀਕਨ ਗਾਇਕਾ ਮੈਰੀ ਮਿਲਬੇਨ, ਜੋ ਵਿਸ਼ੇਸ਼ ਤੌਰ 'ਤੇ ਕੈਲੀਫੋਰਨੀਆ ਤੋਂ ਦੀਵਾਲੀ ਦੇ ਜਸ਼ਨ ਵਿਚ ਸ਼ਾਮਲ ਹੋਣ ਲਈ ਆਈ ਸੀ, ਨੇ "ਓਮ ਜੈ ਜਗਦੀਸ਼ ਹਰੇ" ਗਾ ਕੇ ਉਥੇ ਮੌਜੂਦ ਸਰੋਤਿਆਂ ਨੂੰ ਮੋਹ ਲਿਆ। ਮਿਲਬੇਨ ਨੇ ਕਿਹਾ ਕਿ ਉਹ ਅਗਲੇ ਸਾਲ ਜਨਵਰੀ ਵਿੱਚ ਭਾਰਤ ਦਾ ਦੌਰਾ ਕਰੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News