ਭਾਰਤੀ ਮੂਲ ਦੀ ਅੰਜਲੀ ਸ਼ਰਮਾ ਸੁਰਖੀਆਂ 'ਚ, ਜਲਵਾਯੂ ਪਰਿਵਰਤਨ 'ਤੇ ਆਸਟ੍ਰੇਲੀਆ ਸਰਕਾਰ ਨੂੰ ਝੁਕਾਇਆ
Friday, Dec 17, 2021 - 10:23 AM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਭਾਰਤੀ ਮੂਲ ਦੀ 17 ਸਾਲਾ ਜਲਵਾਯੂ ਪਰਿਵਰਤਨ ਕਾਰਕੁਨ ਅੰਜਲੀ ਸ਼ਰਮਾ ਇਨ੍ਹੀਂ ਦਿਨੀਂ ਚਰਚਾ ਵਿਚ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਸਰਕਾਰ ਨਾਲ ਸਿੱਧਾ ਮੁਕਾਬਲਾ ਕੀਤਾ ਹੈ। ਇਸ ਸਾਲ ਮਈ ਵਿੱਚ ਜਲਵਾਯੂ ਤਬਦੀਲੀ ਕਾਰਨ ਬੱਚਿਆਂ ਦੇ ਭਵਿੱਖ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਆਸਟ੍ਰੇਲੀਆਈ ਸਰਕਾਰ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਸੰਘੀ ਅਦਾਲਤ ਨੇ ਅੰਜਲੀ ਸ਼ਰਮਾ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ, ਜਿਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੂੰ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨੀ ਪਈ। ਜੇਕਰ ਇੱਥੇ ਵੀ ਫ਼ੈਸਲਾ ਅੰਜਲੀ ਦੇ ਹੱਕ 'ਚ ਜਾਂਦਾ ਹੈ ਤਾਂ ਇਸ ਦਾ ਅਸਰ ਨਾ ਸਿਰਫ ਆਸਟ੍ਰੇਲੀਆਈ ਕਾਨੂੰਨ 'ਤੇ ਪਵੇਗਾ ਸਗੋਂ ਦੁਨੀਆ ਭਰ ਦੇ ਜਲਵਾਯੂ ਪਰਿਵਰਤਨ ਨਾਲ ਜੁੜੇ ਮਾਮਲਿਆਂ 'ਤੇ ਵੀ ਪਵੇਗਾ।
ਅੰਜਲੀ ਅਤੇ ਉਸ ਦੀ ਟੀਮ
ਅੰਜਲੀ ਸ਼ਰਮਾ ਅਤੇ ਉਸ ਦੀ ਟੀਮ ਦੇ ਸੱਤ ਹੋਰ ਨੌਜਵਾਨ ਸਾਥੀਆਂ ਨੇ ਇਹ ਅਪੀਲ ਦਾਇਰ ਕੀਤੀ ਹੈ। 87 ਸਾਲਾ ਕੈਥੋਲਿਕ ਨਨ ਬ੍ਰਿਗੇਡ ਆਰਥਰ ਨੇ ਵੀ ਇਨ੍ਹਾਂ ਬੱਚਿਆਂ ਲਈ ਕਾਨੂੰਨੀ ਸਰਪ੍ਰਸਤ ਵਜੋਂ ਕੰਮ ਕੀਤਾ। ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਨੂੰ ਨਿਊ ਸਾਊਥ ਵੇਲਜ਼ ਵਿੱਚ ਵਿੱਕਰੀ ਕੋਲਾ ਖਾਨ ਦੇ ਵਿਸਥਾਰ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਖਾਨ ਦੇ ਵਿਸਥਾਰ ਨਾਲ ਵਾਯੂਮੰਡਲ ਵਿੱਚ ਵਾਧੂ 170 ਮਿਲੀਅਨ ਟਨ ਜੈਵਿਕ ਬਾਲਣ ਦਾ ਨਿਕਾਸ ਹੋਵੇਗਾ।
ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਇਸ ਮਾਮਲੇ ਵਿਚ ਜੱਜ ਮੋਰਡੀ ਬ੍ਰੋਮਬਰਗ ਨੇ ਫ਼ੈਸਲਾ ਸੁਣਾਇਆ ਕਿ ਸਰਕਾਰ ਦਾ ਫਰਜ਼ ਹੈ ਕਿ ਉਹ ਨੌਜਵਾਨਾਂ ਨੂੰ ਜਲਵਾਯੂ ਪਰਿਵਰਤਨ ਨਾਲ ਸਬੰਧਤ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਏ। ਦੁਨੀਆ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੇਖਭਾਲ ਦੇ ਅਜਿਹੇ ਫਰਜ਼ ਨੂੰ ਮਾਨਤਾ ਦਿੱਤੀ ਗਈ ਹੈ ਪਰ ਅਦਾਲਤ ਨੇ ਖਾਨ ਦੇ ਵਿਸਥਾਰ ਨੂੰ ਰੋਕਣ ਲਈ ਸਟੇਅ ਆਰਡਰ ਨਹੀਂ ਦਿੱਤਾ। ਜੱਜ ਨੇ ਕਿਹਾ ਕਿ ਅਦਾਲਤ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਆਸਟ੍ਰੇਲੀਆ ਦੀ ਵਾਤਾਵਰਣ ਮੰਤਰੀ ਸੂਜ਼ਨ ਲੇ ਅਸਲ ਵਿੱਚ ਇਸ ਵਾਧੇ ਨੂੰ ਮਨਜ਼ੂਰੀ ਦੇਵੇਗੀ।
ਅਦਾਲਤ ਦੇ ਫੈਸਲੇ ਤੋਂ ਬਾਅਦ ਸਤੰਬਰ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਵਿੱਕਰੀ ਕੋਲਾ ਖਾਨ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ। ਸਰਕਾਰ ਨੇ ਤਿੰਨ ਹੋਰ ਕੋਲਾ ਖਾਣਾਂ ਦੇ ਵਿਸਥਾਰ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ। ਹੁਣ ਅੰਜਲੀ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਇਸ ਮਾਮਲੇ 'ਚ ਜਲਦ ਹੀ ਫ਼ੈਸਲਾ ਸੁਣਾ ਸਕਦੀ ਹੈ। ਅੰਜਲੀ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਡੇਵਿਡ ਬਾਰਡਨ ਨੇ ਕਿਹਾ ਕਿ ਸਰਕਾਰ ਨੇ ਵਿੱਕੀ ਖਾਨ ਨੂੰ ਮਨਜ਼ੂਰੀ ਦੇਣ ਦਾ ਹਾਸੋਹੀਣਾ ਕਾਰਨ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਸ ਕੋਲਾ ਪ੍ਰਾਜੈਕਟ ਦਾ ਵਿਸਤਾਰ ਨਾ ਕੀਤਾ ਗਿਆ ਤਾਂ ਇਸ ਨਾਲ ਕਾਰਬਨ ਨਿਕਾਸੀ ਦੀ ਮਾਤਰਾ 'ਤੇ ਕੋਈ ਅਸਰ ਨਹੀਂ ਪਵੇਗਾ। ਕਿਉਂਕਿ ਬਾਜ਼ਾਰ ਉਸ ਮੰਗ ਨੂੰ ਪੂਰਾ ਕਰਨ ਲਈ ਬਾਹਰੋਂ ਕੋਲੇ ਦੀ ਦਰਾਮਦ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤੇਜ਼ ਹਵਾਵਾਂ ਕਾਰਨ ਵਾਪਰੇ ਹਾਦਸੇ 'ਚ 4 ਬੱਚਿਆਂ ਦੀ ਮੌਤ, PM ਮੌਰੀਸਨ ਨੇ ਪ੍ਰਗਟਾਇਆ ਦੁੱਖ
ਜਾਣੋ ਕੌਣ ਹੈ ਅੰਜਲੀ ਸ਼ਰਮਾ
ਭਾਰਤੀ ਮੂਲ ਦੀ ਅੰਜਲੀ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹੋਇਆ ਸੀ। ਜਦੋਂ ਅੰਜਲੀ 10 ਮਹੀਨਿਆਂ ਦੀ ਸੀ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਆਸਟ੍ਰੇਲੀਆ ਲੈ ਗਏ। ਅੰਜਲੀ 2017 ਤੋਂ ਜਲਵਾਯੂ ਪਰਿਵਰਤਨ ਵਿਰੁੱਧ ਸਰਗਰਮ ਭੂਮਿਕਾ ਨਿਭਾ ਰਹੀ ਹੈ। ਅੰਜਲੀ ਸ਼ਰਮਾ ਨੂੰ ਸਤੰਬਰ ਵਿੱਚ ਵੱਕਾਰੀ ਚਿਲਡਰਨ ਕਲਾਈਮੇਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।