ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ''ਚ ਭਾਰਤੀ ਨਾਗਰਿਕ ਨੂੰ 19 ਸਾਲ ਤੋਂ ਵੱਧ ਦੀ ਜੇਲ੍ਹ

Friday, Nov 20, 2026 - 11:55 PM (IST)

ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ''ਚ ਭਾਰਤੀ ਨਾਗਰਿਕ ਨੂੰ 19 ਸਾਲ ਤੋਂ ਵੱਧ ਦੀ ਜੇਲ੍ਹ

ਵਾਸ਼ਿੰਗਟਨ : ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਖਾਲਿਸਤਾਨ ਸਮਰਥਕ ਅਤੇ ਅੱਤਵਾਦੀ ਘੋਸ਼ਿਤ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 55 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 235 ਮਹੀਨੇ (19 ਸਾਲ 7 ਮਹੀਨੇ) ਜੇਲ੍ਹ ਦੀ ਸਜ਼ਾ ਸੁਣਾਈ ਹੈ। ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਕਰੀਬ 80 ਮਿੰਟ ਤੱਕ ਚੱਲੀ ਸੁਣਵਾਈ ਤੋਂ ਬਾਅਦ ਜੱਜ ਵਿਕਟਰ ਮਾਰੇਰੋ ਨੇ ਇਹ ਫੈਸਲਾ ਸੁਣਾਇਆ। 

ਅਦਾਲਤੀ ਕਾਰਵਾਈ ਦੌਰਾਨ ਨਿਖਿਲ ਗੁਪਤਾ ਨੇ ਆਪਣੇ ਉੱਪਰ ਲੱਗੇ ਤਿੰਨ ਪ੍ਰਮੁੱਖ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਇਨ੍ਹਾਂ ਵਿੱਚ ਹੱਤਿਆ ਲਈ ਸੁਪਾਰੀ ਦੇਣ, ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਸ਼ਾਮਲ ਸਨ। ਇਹ ਪੂਰਾ ਮਾਮਲਾ ਸਾਲ 2023 ਵਿੱਚ ਨਿਊਯਾਰਕ ਵਿੱਚ ਪੰਨੂ ਦੀ ਹੱਤਿਆ ਕਰਨ ਦੀ ਬਣਾਈ ਗਈ ਯੋਜਨਾ ਨਾਲ ਸਬੰਧਤ ਹੈ।

ਅਮਰੀਕੀ ਜਾਂਚ ਏਜੰਸੀਆਂ ਅਨੁਸਾਰ, ਸਾਲ 2023 ਵਿੱਚ ਨਿਖਿਲ ਗੁਪਤਾ ਨੇ ਪੰਨੂ ਦੀ ਹੱਤਿਆ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਸੀ। ਇਸ ਮਾਮਲੇ ਵਿੱਚ ਵਿਕਾਸ ਯਾਦਵ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ, ਜਿਸ 'ਤੇ ਗੁਪਤਾ ਰਾਹੀਂ ਸ਼ੂਟਰ ਦਾ ਇੰਤਜ਼ਾਮ ਕਰਵਾਉਣ ਦੇ ਦੋਸ਼ ਹਨ। ਹੱਤਿਆ ਲਈ 1 ਲੱਖ ਅਮਰੀਕੀ ਡਾਲਰ ਦੀ ਰਕਮ ਤੈਅ ਕੀਤੀ ਗਈ ਸੀ, ਜਿਸ ਵਿੱਚੋਂ 15,000 ਡਾਲਰ ਐਡਵਾਂਸ ਵਜੋਂ ਦਿੱਤੇ ਗਏ ਸਨ। ਹਾਲਾਂਕਿ, ਜਿਸ ਵਿਅਕਤੀ ਨਾਲ ਗੁਪਤਾ ਸੰਪਰਕ ਕਰ ਰਿਹਾ ਸੀ, ਉਹ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਦਾ ਗੁਪਤ ਏਜੰਟ ਨਿਕਲਿਆ, ਜਿਸ ਕਾਰਨ ਪੂਰੀ ਸਾਜ਼ਿਸ਼ ਦਾ ਖ਼ੁਲਾਸਾ ਹੋ ਗਿਆ ਅਤੇ ਇਹ ਯੋਜਨਾ ਨਾਕਾਮ ਹੋ ਗਈ।

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਨਿਖਿਲ ਗੁਪਤਾ ਨੇ ਅਦਾਲਤ ਨੂੰ ਲਿਖੀ ਇੱਕ ਚਿੱਠੀ ਵਿੱਚ ਆਪਣੇ ਕੀਤੇ 'ਤੇ ਡੂੰਘੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਉਸ ਨੇ ਲਿਖਿਆ ਕਿ ਉਹ ਉਸ ਸਮੇਂ ਆਪਣੀਆਂ ਗਲਤੀਆਂ ਕਾਰਨ ਪਰਿਵਾਰ ਤੋਂ ਦੂਰ ਹੋ ਗਿਆ ਸੀ। ਗੁਪਤਾ ਨੇ ਇਹ ਵੀ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਇਸ ਸਾਜ਼ਿਸ਼ ਵਿੱਚ ਕਿਸੇ ਦੀ ਜਾਨ ਨਹੀਂ ਗਈ ਅਤੇ ਨਾ ਹੀ ਕੋਈ ਜ਼ਖਮੀ ਹੋਇਆ। 

ਸੁਣਵਾਈ ਦੌਰਾਨ ਗੁਰਪਤਵੰਤ ਸਿੰਘ ਪੰਨੂ ਨੇ ਵੀ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਾਨ ਦੇ ਖ਼ਤਰੇ ਦੀ ਸਾਜ਼ਿਸ਼ ਸਾਹਮਣੇ ਆਉਣ ਤੋਂ ਬਾਅਦ ਉਹ 1,200 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਆਪਣੀ ਨਿਯਮਤ ਕਾਨੂੰਨੀ ਪ੍ਰੈਕਟਿਸ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਪੰਨੂ ਅਮਰੀਕੀ ਅਤੇ ਕੈਨੇਡੀਅਨ ਨਾਗਰਿਕਤਾ ਰੱਖਦਾ ਹੈ ਅਤੇ ਭਾਰਤ ਵਿੱਚ ਅੱਤਵਾਦੀ ਐਲਾਨਿਆ ਹੋਇਆ ਹੈ।


author

Inder Prajapati

Content Editor

Related News