ਵਿਦੇਸ਼ ’ਚ ਪੜ੍ਹਾਈ ਤੋਂ ਬਾਅਦ ਪਰਿਵਾਰ ਨੂੰ ਬੁਲਾਉਣਾ ਹੋਵੇਗਾ ਮੁਸ਼ਕਲ, ਆਸਟ੍ਰੇਲੀਆ ਨੇ 485 ਵੀਜ਼ਾ ਦੇ ਨਿਯਮ ਬਦਲੇ

Saturday, Nov 21, 2026 - 04:20 AM (IST)

ਵਿਦੇਸ਼ ’ਚ ਪੜ੍ਹਾਈ ਤੋਂ ਬਾਅਦ ਪਰਿਵਾਰ ਨੂੰ ਬੁਲਾਉਣਾ ਹੋਵੇਗਾ ਮੁਸ਼ਕਲ, ਆਸਟ੍ਰੇਲੀਆ ਨੇ 485 ਵੀਜ਼ਾ ਦੇ ਨਿਯਮ ਬਦਲੇ

ਮੈਲਬੌਰਨ - ਆਸਟ੍ਰੇਲੀਆ ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਅਤੇ ਰਹਿਣ ਦੀ ਯੋਜਨਾ ਬਣਾ ਰਹੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਆਸਟ੍ਰੇਲੀਆਈ ਸਰਕਾਰ ਨੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ (ਸਬਕਲਾਸ 485) ਦੇ ਨਿਯਮਾਂ ’ਚ ਬਦਲਾਅ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਣ ਦੀਆਂ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ। ਹੁਣ ਵਿਦੇਸ਼ੀ ਗ੍ਰੈਜੂਏਟ ਆਪਣੀ ਵੀਜ਼ਾ ਅਰਜ਼ੀ ’ਚ ਅਜਿਹੇ ਨਵੇਂ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਨਹੀਂ ਕਰ ਸਕਣਗੇ, ਜਿਨ੍ਹਾਂ ਨੂੰ ਪਹਿਲਾਂ ਉਨ੍ਹਾਂ ਦੇ ਸਟੂਡੈਂਟ ਵੀਜ਼ਾ ਜਾਂ ਗ੍ਰੈਜੂਏਟ ਵੀਜ਼ਾ ’ਚ ਆਸ਼ਰਿਤ (ਡਿਪੈਂਡੈਂਟ) ਵਜੋਂ ਸ਼ਾਮਲ ਨਹੀਂ ਕੀਤਾ ਗਿਆ ਸੀ। ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੇ ਨਵੇਂ ਨਿਯਮਾਂ ’ਚ ਮੁੱਖ ਬਿਨੈਕਾਰ ਦੀ ਯੋਗਤਾ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਪਰਿਵਾਰਕ ਮੈਂਬਰਾਂ ਦੀ ਯੋਗਤਾ ਨੂੰ ਲੈ ਕੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ।

ਪਹਿਲਾਂ ਤੋਂ ਆਸ਼ਰਿਤ ਰਹੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲੇਗੀ ਮਨਜ਼ੂਰੀ
ਨਵੇਂ ਨਿਯਮਾਂ ਮੁਤਾਬਕ, ਪਹਿਲੀ ਵਾਰ ਸਬਕਲਾਸ 485 ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਆਪਣੇ ਉਨ੍ਹਾਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰ ਸਕਣਗੇ, ਜੋ ਉਨ੍ਹਾਂ ਦੇ ਸਟੂਡੈਂਟ ਵੀਜ਼ਾ ’ਚ ਆਸ਼ਰਿਤ ਸਨ। ਇਸ ਲਈ ਸਬੰਧਤ ਪਰਿਵਾਰਕ ਮੈਂਬਰ ਕੋਲ ਮੌਜੂਦਾ ਸਟੂਡੈਂਟ ਵੀਜ਼ਾ ਹੋਣਾ ਚਾਹੀਦਾ ਹੈ ਜਾਂ ਉਹ 2 ਅਕਤੂਬਰ, 2026 ਨੂੰ ਸਟੂਡੈਂਟ ਵੀਜ਼ਾਧਾਰਕ ਰਿਹਾ ਹੋਵੇ ਜਾਂ ਅਰਜ਼ੀ ਦੇਣ ਤੋਂ ਪਿਛਲੇ 6 ਮਹੀਨਿਆਂ ਦੌਰਾਨ ਉਸ ਕੋਲ ਇਹ ਵੀਜ਼ਾ ਰਿਹਾ ਹੋਵੇ। ਦੂਜੀ ਵਾਰ ਟੈਂਪਰੇਰੀ ਗ੍ਰੈਜੂਏਟ ਵੀਜ਼ੇ ਲਈ ਅਰਜ਼ੀ ਦੇਣ ਵਾਲਿਆਂ ਦੇ ਮਾਮਲੇ ’ਚ ਪਰਿਵਾਰਕ ਮੈਂਬਰ ਦਾ ਪਹਿਲਾਂ ਜਾਂ ਮੌਜੂਦਾ 485 ਵੀਜ਼ਾ ’ਚ ਆਸ਼ਰਿਤ ਹੋਣਾ ਜ਼ਰੂਰੀ ਹੈ। ਭਾਵ ਪਹਿਲਾਂ ਸ਼ਾਮਲ ਨਾ ਕੀਤੇ ਗਏ ਨਵੇਂ ਰਿਸ਼ਤੇਦਾਰਾਂ ਨੂੰ ਹੁਣ ਆਮ ਤੌਰ ’ਤੇ ਅਰਜ਼ੀ ’ਚ ਜਗ੍ਹਾ ਨਹੀਂ ਮਿਲੇਗੀ।

ਬਾਅਦ ’ਚ ਪਰਿਵਾਰਕ ਮੈਂਬਰ ਜੋੜਨ ਦਾ ਬਦਲ ਵੀ ਸੀਮਤ
ਨਵੇਂ ਨਿਯਮਾਂ ਤਹਿਤ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਮੁੱਖ ਬਿਨੈਕਾਰ ਦੇ ਨਾਲ ਹੀ ਅਰਜ਼ੀ ਦੇਣੀ ਹੋਵੇਗੀ। ਬਾਅਦ ’ਚ ਸੈਕੰਡਰੀ ਐਂਟਰੈਂਟ ਅਰਜ਼ੀ ਰਾਹੀਂ ਨਵੇਂ ਪਰਿਵਾਰਕ ਮੈਂਬਰ ਜੋੜਨ ਦੀ ਆਮ ਸਹੂਲਤ ਉਪਲਬਧ ਨਹੀਂ ਹੋਵੇਗੀ। ਵਿਭਾਗ ਨੇ ਇਮੀਗ੍ਰੇਸ਼ਨ ਦੇ ਆਨਲਾਈਨ ਪੋਰਟਲ ਇਮੀਅਕਾਊਂਟ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਹੈ। ਪੋਰਟਲ ’ਤੇ ਕਿਸੇ ਰਿਸ਼ਤੇਦਾਰ ਦਾ ਨਾਂ ਦਰਜ ਕਰਨ ਦਾ ਬਦਲ ਵਿਖਾਈ ਦੇਣ ਦਾ ਮਤਲਬ ਇਹ ਨਹੀਂ ਕਿ ਉਹ ਵੀਜ਼ੇ ਲਈ ਯੋਗ ਹੈ। ਅਯੋਗ ਵਿਅਕਤੀ ਦੀ ਅਰਜ਼ੀ ਅਵੈਧ ਹੋ ਸਕਦੀ ਹੈ।

ਅਰਜ਼ੀ ਦੇਣ ਤੋਂ ਪਹਿਲਾਂ ਵੀਜ਼ਾ ਇਤਿਹਾਸ ਦੀ ਜਾਂਚ ਜ਼ਰੂਰੀ
ਮੁੱਖ ਬਿਨੈਕਾਰ ਲਈ ਅਰਜ਼ੀ ਜਮ੍ਹਾ ਕਰਵਾਉਣ ਸਮੇਂ ਆਸਟ੍ਰੇਲੀਆ ’ਚ ਸਰੀਰਕ ਤੌਰ ’ਤੇ ਮੌਜੂਦ ਹੋਣਾ ਲਾਜ਼ਮੀ ਹੈ, ਜਦਕਿ ਯੋਗ ਪਰਿਵਾਰਕ ਮੈਂਬਰ ਦੇਸ਼ ਦੇ ਅੰਦਰ ਜਾਂ ਬਾਹਰ ਰਹਿ ਸਕਦੇ ਹਨ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਅਰਜ਼ੀ ਦੇਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦਾ ਪੁਰਾਣਾ ਵੀਜ਼ਾ ਰਿਕਾਰਡ ਅਤੇ ਰਿਸ਼ਤੇ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕਰ ਲੈਣ। ਪਹਿਲਾਂ ਦਾ ਆਸ਼ਰਿਤ ਦਰਜਾ ਹੁਣ ਪਰਿਵਾਰ ਨੂੰ ਨਾਲ ਲਿਜਾਣ ਲਈ ਸਭ ਤੋਂ ਅਹਿਮ ਸ਼ਰਤ ਬਣ ਗਿਆ ਹੈ।

ਨਵਜੰਮੇ ਬੱਚਿਆਂ ਲਈ ਵੱਖਰੀ ਵਿਵਸਥਾ
ਨਿਯਮਾਂ ’ਚ ਨਵਜੰਮੇ ਬੱਚਿਆਂ ਨੂੰ ਲੈ ਕੇ ਕੁਝ ਰਾਹਤ ਦਿੱਤੀ ਗਈ ਹੈ। ਜੇਕਰ ਕਿਸੇ ਵਿਦਿਆਰਥੀ ਦਾ ਪਿਛਲਾ ਸਟੂਡੈਂਟ ਜਾਂ ਗ੍ਰੈਜੂਏਟ ਵੀਜ਼ਾ ਮਿਲਣ ਤੋਂ ਬਾਅਦ ਵਿਦੇਸ਼ ’ਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਪਹਿਲੀ ਜਾਂ ਦੂਜੀ 485 ਵੀਜ਼ਾ ਅਰਜ਼ੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਮਾਤਾ-ਪਿਤਾ ਅਤੇ ਬੱਚੇ ਨੂੰ ਇਕੱਠਿਆਂ ਅਰਜ਼ੀ ਦੇਣੀ ਹੋਵੇਗੀ। ਵੀਜ਼ਾ ਮਿਲਣ ਤੋਂ ਬਾਅਦ ਬੱਚੇ ਨੂੰ ਵੱਖਰੇ ਤੌਰ ’ਤੇ ਜੋੜਨ ਦੀ ਮਨਜ਼ੂਰੀ ਨਹੀਂ ਹੋਵੇਗੀ। ਉਥੇ ਹੀ, ਆਸਟ੍ਰੇਲੀਆ ’ਚ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਦੌਰਾਨ ਜਨਮ ਲੈਣ ਵਾਲਾ ਬੱਚਾ ਆਪਣੇ ਆਪ ਆਸ਼ਰਿਤ ਵਜੋਂ 485 ਵੀਜ਼ਾ ਧਾਰਕ ਹੋਵੇਗਾ। ਮਾਤਾ-ਪਿਤਾ ਨੂੰ ਸਿਰਫ਼ ਵਿਭਾਗ ਨੂੰ ਜਨਮ ਦੀ ਸੂਚਨਾ ਦੇਣੀ ਹੋਵੇਗੀ।


author

Inder Prajapati

Content Editor

Related News