ਮਨੁੱਖੀ ਤਸਕਰੀ ਦੇ ਮਾਮਲੇ 'ਚ ਫਸਿਆ ਸਿਮਰਨਜੀਤ ਸਿੰਘ, ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ US ਭੇਜੇ ਹਜ਼ਾਰਾਂ ਲੋਕ
Friday, Apr 07, 2023 - 10:47 AM (IST)

ਟੋਰਾਂਟੋ - ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ-ਅਮਰੀਕਾ ਸਰਹੱਦ ਦੇ ਪਾਰ 1,000 ਤੋਂ ਵੱਧ ਲੋਕਾਂ ਨੂੰ ਭੇਜਣ ਦੇ ਮਾਮਲੇ ਵਿਚ ਬਰੈਂਪਟਨ, ਓਨਟਾਰੀਓ ਦੇ ਸਿਮਰਨਜੀਤ "ਸ਼ੈਲੀ" ਸਿੰਘ ਨੂੰ 9-counts ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਮਰਨਜੀਤ ਸਿੰਘ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਅਕਵੇਸਨ ਮੋਹੌਕ ਖੇਤਰ ਦੀ ਵਰਤੋਂ ਕਰਕੇ ਮਨੁੱਖੀ ਤਸਕਰੀ ਦਾ ਕੰਮ ਕਰਦਾ ਸੀ। ਅਦਾਲਤੀ ਦਸਤਾਵੇਜ਼ ਮੁਤਾਬਕ ਸਿੰਘ ਨੇ ਕਥਿਤ ਤੌਰ 'ਤੇ ਇੱਕ ਦਲਾਲ ਦੇ ਤੌਰ 'ਤੇ ਕੰਮ ਕੀਤਾ, ਜੋ ਮੁੱਖ ਤੌਰ 'ਤੇ ਭਾਰਤੀ ਨਾਗਰਿਕਾਂ ਨੂੰ U.S. ਵਿੱਚ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ ਸੀ।
ਵੀਰਵਾਰ ਨੂੰ ਸਿੰਘ ਨੂੰ ਕੈਨੇਡਾ ਪੁਲਸ ਨੇ ਅਮਰੀਕਾ ਹਵਾਲੇ ਕਰ ਦਿੱਤਾ ਸੀ। ਸਿਮਰਨਜੀਤ ਨੂੰ ਬੁੱਧਵਾਰ ਨੂੰ ਨਿਊਯਾਰਕ ਦੇ ਉੱਤਰੀ ਜ਼ਿਲ੍ਹੇ ਵਿਚ ਅਮਰੀਕੀ ਸੰਘੀ ਅਦਾਲਤ ਵਿੱਚ ਮਨੁੱਖੀ ਤਸਕਰੀ ਨਾਲ ਸਬੰਧਤ ਦੋਸ਼ਾਂ ਤਹਿਤ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਅਦਾਲਤੀ ਰਿਕਾਰਡ ਦੇ ਅਨੁਸਾਰ ਇਹ ਦੋਸ਼ ਮਾਰਚ 2020 ਅਤੇ ਅਪ੍ਰੈਲ 2022 ਦਰਮਿਆਨ ਸੇਂਟ ਲਾਰੈਂਸ ਨਦੀ ਦੇ ਪਾਰ ਤਸਕਰੀ ਦੀਆਂ 4 ਅਸਫ਼ਲ ਕੋਸ਼ਿਸ਼ਾਂ ਨਾਲ ਸਬੰਧਤ ਨਿਗਰਾਨੀ, ਫੇਸਬੁੱਕ ਸੰਦੇਸ਼ਾਂ ਅਤੇ ਮਨੁੱਖੀ ਸਰੋਤਾਂ ਦੁਆਰਾ ਇਕੱਠੇ ਕੀਤੇ ਸਬੂਤਾਂ 'ਤੇ ਅਧਾਰਤ ਹਨ। ਇੱਥੇ ਦੱਸ ਦੇਈਏ ਕਿ ਸਿੰਘ 'ਤੇ ਲੱਗੇ ਦੋਸ਼ ਪਿਛਲੇ ਹਫ਼ਤੇ ਸੇਂਟ ਲਾਰੈਂਸ ਵਿਖੇ 4 ਭਾਰਤੀ ਨਾਗਰਿਕਾਂ ਸਮੇਤ 8 ਸ਼ੱਕੀ ਪ੍ਰਵਾਸੀਆਂ ਦੀਆਂ ਮੌਤਾਂ ਨਾਲ ਜੁੜੇ ਨਹੀਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।