ਭਾਰਤੀ ਮੂਲ ਦੇ 58 ਕਾਰਜਕਾਰੀ, ਦੁਨੀਆ ਭਰ ''ਚ ਮੁਹੱਈਆ ਕਰਵਾ ਰਰੇ ਹਨ 36 ਲੱਖ ਰੋਜ਼ਗਾਰ
Thursday, Jul 09, 2020 - 06:32 PM (IST)
ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ 58 ਕਾਰਜਕਾਰੀ ਦੁਨੀਆ ਭਰ ਵਿਚ ਵੱਡੇ ਪੱਧਰ 'ਤੇ ਰੋਜ਼ਗਾਰ ਮੁਹੱਈਆ ਕਰਾ ਰਹੇ ਹਨ। ਉਹ ਅਮਰੀਕਾ, ਕੈਨੇਡਾ ਅਤੇ ਸਿੰਗਾਪੁਰ ਸਮੇਤ 11 ਦੇਸ਼ਾਂ ਦੀਆਂ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀ ਹਨ। ਭਾਰਤੀ ਲੋਕਾਂ ਦਾ ਇਹ ਸਮੂਹ ਦੁਨੀਆ ਭਰ ਵਿਚ 36 ਲੱਖ ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਂਦਾ ਹੈ। ਉਹਨਾਂ ਦੀ ਕੁੱਲ ਆਮਦਨ 1 ਲੱਖ ਕਰੋੜ ਡਾਲਰ (ਕਰੀਬ 75 ਲੱਖ ਕਰੋੜ ਰੁਪਏ) ਹੈ।
ਗਲੋਬਲ ਪੱਧਰ 'ਤੇ ਭਾਰਤੀ ਮੂਲ ਦੇ ਦਿੱਗਜ਼ ਪੇਸੇਵਰਾਂ ਦੇ ਸੰਗਠਨ 'ਇੰਡੀਆਸਪੋਰਾ' ਦੇ ਮੁਤਾਬਕ ਭਾਰਤੀ ਕਾਰੋਬਾਰੀ ਪਹਿਲਾਂ ਤੋਂ ਕਈ ਵੱਧ ਗਿਣਤੀ ਵਿਚ ਕਾਰਪੋਰੇਟ ਖੇਤਰ ਵਿਚ ਸਫਲਤਾ ਦੇ ਸਿਖਰ 'ਤੇ ਪਹੁੰਚ ਰਹੇ ਹਨ। ਇਹਨਾਂ ਵਿਚੋਂ ਕਈ ਆਪਣੇ ਮੰਚਾਂ ਦੀ ਵਰਤੋਂ ਸਮਾਜਿਕ ਤਬਦੀਲੀ ਦੀ ਪੈਰੋਕਾਰੀ ਲਈ ਕਰ ਰਹੇ ਹਨ। ਇੰਡੀਆਸਪੋਰਾ ਬਿਜ਼ਨੈੱਸ ਲੀਡਰਸ ਦੀ ਸੂਚੀ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਸਿੰਗਾਪੁਰ ਸਮੇਤ 11 ਦੇਸ਼ਾਂ ਦੀਆਂ ਕੰਪਨੀਆਂ ਦੀ ਅਗਵਾਈ ਕਰਨ ਵਾਲੇ 58 ਕਾਰਜਕਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਹਨਾਂ ਦੇ ਕਾਰਜਕਾਲ ਦੇ ਦੌਰਾਨ ਇਹਨਾਂ ਕੰਪਨੀਆਂ ਨੇ ਸਾਲਾਨਾ 23 ਫੀਸਦੀ ਦੀ ਦਰ ਨਾਲ ਤਰੱਕੀ ਕੀਤੀ ਹੈ।
ਇਹ ਕੰਪਨੀਆਂ ਸਮੂਹਿਕ ਤੌਰ 'ਤੇ ਦੁਨੀਆ ਭਰ ਵਿਚ 36 ਲੱਖ ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਹਨ ਅਤੇ ਇਕ ਲੱਖ ਕਰੋੜ ਤੋਂ ਵਧੇਰੇ ਕਮਾਈ ਕਰਦੀਆਂ ਹਨ। ਇਹਨਾਂ ਦਾ ਬਾਜ਼ਾਰ ਪੂੰਜੀਕਰਣ 4 ਲੱਖ ਕਰੋੜ ਡਾਲਰ ਤੋਂ ਵੱਧ ਹੈ। ਇੰਡੀਆਸਪੋਰਾ ਦੇ ਸੰਸਥਾਪਕ ਅਤੇ ਸਿਲੀਕਾਨ ਵੈਲੀ ਦੇ ਉੱਦਮੀ ਐੱਮ.ਆਰ ਰੰਗਾਸਵਾਮੀ ਨੇ ਕਿਹਾ,''ਕਾਰੋਬਾਰ ਦੇ ਖੇਤਰ ਦੇ ਵਿਚ ਭਾਰਤੀ ਪ੍ਰਵਾਸੀਆਂ ਦਾ ਪ੍ਰਭਾਵ ਸ਼ਾਨਦਾਰ ਹੈ। ਇਹੀ ਕਾਰਨ ਹੈ ਕਿ ਅਸੀਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਆਸ ਹੈ ਕਿ ਸਾਡੀਆਂ ਸੂਚੀਆਂ ਵਿਚ ਉਹਨਾਂ ਲੋਕਾਂ ਦਾ ਵੇਰਵਾ ਆਉਂਦਾ ਰਹੇਗਾ ਜੋ ਆਪਣੇ ਖੇਤਰਾਂ ਵਿਚ ਸਕਰਾਤਮਕ ਤਬਦੀਲੀ ਲਈ ਕੰਮ ਕਰ ਰਹੇ ਹਨ।''