ਯੂਨੀਵਰਸਿਟੀ ਬੌਨ (ਜਰਮਨ) ਵਿਖੇ ਭਾਰਤੀ ਸੰਵਿਧਾਨ ਦਿਵਸ ’ਤੇ ਡਾ. ਬੀ. ਆਰ. ਅੰਬੇਦਕਰ ਨੂੰ ਦਿੱਤੀ ਸ਼ਰਧਾਂਜਲੀ

11/28/2022 7:09:11 PM

ਰੋਮ (ਦਲਵੀਰ ਕੈਂਥ) : ਯੂਰਪ ਦੀ ਜਿਸ ਯੂਨੀਵਰਸਿਟੀ ’ਚ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤ ਰਤਨ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਸਾਹਿਬ ਨੇ ਪੜ੍ਹਾਈ ਕੀਤੀ, ਉਸ ਯੂਨੀਵਰਸਿਟੀ ਬੌਨ (ਜਰਮਨ) ਵਿਖੇ ਭਾਰਤ ਦੇ ਕੌਂਸਲੇਟ ਜਨਰਲ, ਫ੍ਰੈਂਕਫਰਟ ਨੇ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਆਫ ਬੋਨ-ਕੋਲੋਨ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਅਤੇ ਬੌਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਭਾਗ ਦੇ ਸਹਿਯੋਗ ਨਾਲ ਭਾਰਤੀ ਸੁਤੰਤਰਤਾ ਸੰਗਰਾਮ ਦੇ ਬਾਨੀ ਪਿਤਾਮਾ ਡਾ. ਅੰਬੇਦਕਰ ਸਾਹਿਬ ਦੇ ਯੋਗਦਾਨ ਨੂੰ ਯਾਦ ਕਰਦਿਆਂ ਭਾਰਤੀ ਸੰਵਿਧਾਨ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ।

PunjabKesari

ਇਸ ਸਮਾਗਮ ਮੌਕੇ ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ, ਭਾਰਤੀ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਚੇਅਰਮੈਨ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਕਾਨੂੰਨੀ ਪ੍ਰਕਾਸ਼ਕ, ਜਿਨ੍ਹਾਂ ਨੇ 1922 ’ਚ ਬੌਨ ਯੂਨੀਵਰਸਿਟੀ ਤੋਂ ਥੋੜ੍ਹੇ ਸਮੇਂ ਲਈ ਪੜ੍ਹਾਈ ਕੀਤੀ ਸੀ, ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਹ ਸਮਾਰੋਹ ਭਾਰਤ ਸਰਕਾਰ ਦੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਹੋਇਆ, ਜਿਸ ’ਚ ਬਹੁ-ਗਿਣਤੀ ਬਾਬਾ ਸਾਹਿਬ ਦੇ ਉਪਾਸ਼ਕਾਂ ਨੇ ਹਾਜ਼ਰੀ ਭਰੀ।

PunjabKesari

ਇਸ ਸਮਾਗਮ ਦੇ ਪ੍ਰਮੁੱਖ ਬੁਲਾਰਿਆਂ ’ਚ ਡਾ. ਅਸ਼ੋਕ ਅਲੈਗਜ਼ੈਂਡਰ ਸ਼੍ਰੀਧਰਨ, ਇਕ ਮਸ਼ਹੂਰ ਕਾਨੂੰਨੀ ਮਾਹਿਰ ਅਤੇ ਬੌਨ ਸ਼ਹਿਰ ਦੇ ਸਾਬਕਾ ਲਾਰਡ ਮੇਅਰ ਅਤੇ ਬੌਨ ਯੂਨੀਵਰਸਿਟੀ ਦੇ ਲੋਕਤੰਤਰ ਖੋਜ ਵਿਭਾਗ ਤੋਂ ਡਾ. ਡੈਮੀਅਨ ਕ੍ਰੀਚੇਵਸਕੀ ਸ਼ਾਮਲ ਸਨ। ਦੋਵਾਂ ਨੇ ਡਾ. ਅੰਬੇਦਕਰ ਦੇ ਯੋਗਦਾਨ ਨੂੰ ਅਨਮੋਲ ਦੱਸਿਆ ਅਤੇ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਪ੍ਰਸ਼ੰਸਾ ਕਰਦਿਆਂ ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ। ਡਾ. ਅਸ਼ੋਕ ਸ਼੍ਰੀਧਰਨ ਨੇ ਭਾਰਤ ਅਤੇ ਬੌਨ ਸ਼ਹਿਰ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਵੀ ਰੇਖਾਂਕਿਤ ਕੀਤਾ।

PunjabKesari

ਡਾ. ਅਮਿਤ ਤੇਲੰਗ ਕੌਂਸਲ ਜਨਰਲ ਫ੍ਰੈਂਕਫਰਟ ਨੇ ਇਸ ਮਹਾਨ ਦਿਵਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਵਿਧਾਨ ਮਹਿਜ਼ ਇਕ ਕਿਤਾਬ ਜਾਂ ਕਾਨੂੰਨੀ ਗ੍ਰੰਥ ਨਹੀਂ ਹੈ ਸਗੋਂ ਆਜ਼ਾਦੀ, ਜਮਹੂਰੀਅਤ ਅਤੇ ਸਮਾਜਿਕ-ਆਰਥਿਕ ਨਿਆਂ ਦੀਆਂ ਕਦਰਾਂ-ਕੀਮਤਾਂ ’ਚ ਭਾਰਤ ਦੇ ਲੋਕਾਂ ਦੀਆਂ ਆਸਾਂ ਅਤੇ ਵਿਸ਼ਵਾਸ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਅਤੇ ਜਰਮਨ ਦੇ ਸੰਵਿਧਾਨ ’ਚ ਦਰਜ ਆਜ਼ਾਦੀ ਅਤੇ ਜਮਹੂਰੀਅਤ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਵੀ ਉਜਾਗਰ ਕੀਤਾ।

PunjabKesari

ਅੰਬੇਦਕਰ ਮਿਸ਼ਨ ਸੁਸਾਇਟੀ ਤੋਂ ਸੋਹਣ ਲਾਲ ਸਾਂਪਲਾ ਅਤੇ ਡਾ. ਅਮਨਦੀਪ ਕੌਰ ਨੇ ਡਾ. ਬੀ. ਆਰ. ਅੰਬੇਡਕਰ ਅਤੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੌਨ ਸ਼ਹਿਰ ਅਤੇ ਡਾ. ਅੰਬੇਦਕਰ ਦੇ ਵਿਚਕਾਰ ਲਿੰਕ ਨੂੰ ਡਾ. ਅੰਬੇਡਕਰ ਦੀ ਮੂਰਤੀ ਦੇ ਜ਼ਰੀਏ ਬੌਨ ਯੂਨੀਵਰਸਿਟੀ ’ਚ ਸਥਾਪਿਤ ਕਰਨ ਲਈ ਅਮਰੀਕਾ ਅਤੇ ਵਿਸ਼ਵ ਦੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਇਸੇ ਤਰ੍ਹਾਂ ਦੇ ਯਾਦਗਾਰੀ ਸਮਾਗਮਾਂ ਦੀ ਤਰਜ਼ ’ਤੇ ਹੋਰ ਪ੍ਰਭਾਵਸ਼ਾਲੀ ਪ੍ਰੋਗਰਾਮ ਉਲੀਕੇ ਤਾਂ ਜੋ ਬਾਬਾ ਸਾਹਿਬ ਦੀ ਸੋਚ ਦਾ ਦੀਵਾ ਦੁਨੀਆ ਦੇ ਕੋਨੇ-ਕੋਨੇ ਰੁਸ਼ਨਾ ਸਕੇ।


Manoj

Content Editor

Related News