ਪ੍ਰਤੀਨਿਧੀ ਸਭਾ ਦੀ ਪ੍ਰਾਈਮਰੀ ''ਚ ਜਿੱਤੇ ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਣਮੂਰਤੀ
Saturday, Mar 21, 2020 - 10:47 AM (IST)

ਵਾਸ਼ਿੰਗਟਨ- ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਇਲਿਨਾਏ ਤੋਂ ਪ੍ਰਤੀਨਿਧੀ ਸਭਾ ਵਿਚ ਚੁਣੇ ਜਾਣ ਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਈਮਰੀ ਚੋਣ ਵਿਚ ਜਿੱਤ ਦਰਜ ਕਰ ਲਈ ਹੈ। ਕ੍ਰਿਸ਼ਣਮੂਰਤੀ ਇਲਿਨਾਏ ਦੀ ਅੱਠਵੀਂ ਕਾਂਗਰਸਨਲ ਡਿਸਟ੍ਰਿਕਟ ਤੋਂ ਪ੍ਰਤੀਨਿਧੀ ਸਭਾ ਵਿਚ ਤੀਜੀ ਵਾਰ ਚੁਣੇ ਜਾਣ ਦੇ ਲਈ ਹੁਣ ਨਵੰਬਰ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਉਹ ਆਪਣੇ ਖੇਤਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ। ਉਹਨਾਂ ਨੇ 80 ਫੀਸਦੀ ਵੋਟਾਂ ਦੇ ਨਾਲ ਪ੍ਰਾਈਮਰੀ ਵਿਚ ਜਿੱਤ ਹਾਸਲ ਕੀਤੀ ਜਦਕਿ ਉਹਨਾਂ ਦੇ ਵਿਰੋਧੀ ਵਿਲੀਅਮ ਓਲਸਨ ਸਿਰਫ 13 ਫੀਸਦੀ ਵੋਟਾਂ ਦੇ ਨਾਲ ਦੂਜੇ ਨੰਬਰ 'ਤੇ ਰਹੇ।
ਰਿਪਬਲਿਕਨ ਪਾਰਟੀ ਦੀ ਪ੍ਰਾਈਮਰੀ ਚੋਣ 17 ਮਾਰਚ ਨੂੰ ਹੋਣੀ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਕ੍ਰਿਸ਼ਣਮੂਰਤੀ ਨੇ ਇਕ ਈਮੇਲ ਰਾਹੀਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਮੈਨੂੰ ਅਮਰੀਕੀ ਸੰਸਦ ਵਿਚ ਇਕ ਵਾਰ ਮੁੜ ਇਲਿਨਾਏ ਏਟਥ ਡਿਸਟ੍ਰਿਕਟ ਦੀ ਅਗਵਾਈ ਕਰਨ ਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਬਣਨ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਜੇਕਰ ਮੈਂ ਮੁੜ ਚੁਣਿਆ ਗਿਆ ਤਾਂ ਮੈਂ ਕਾਂਗਰਸ ਵਿਚ ਆਪਣੀਆਂ ਤਰਜੀਹਾਂ ਲਈ ਲੜਨਾ ਜਾਰੀ ਰੱਖਾਂਗਾ। ਅਸੀਂ ਕੋਰੋਨਾਵਾਇਰਸ ਨਾਲ ਲੜ ਰਹੇ ਹਾਂ, ਅਜਿਹੇ ਵਿਚ ਮੈਂ ਤੁਹਾਨੂੰ ਤੇ ਸਾਰੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗਾ। ਇਹੀ ਟੀਚਾ ਹੁਣ ਮੇਰੀ ਤਰਜੀਹ ਹੈ।
ਕ੍ਰਿਸ਼ਣਮੂਰਤੀ ਪ੍ਰਤੀਨਿਧ ਸਭਾ ਦੀ ਪਰਮਾਨੈਂਟ ਸੈਲੇਕਟ ਕਮੇਟੀ ਆਨ ਇੰਨੈਲੀਜੈਂਸ ਵਿਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਉਹ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਮਜ਼ਬੂਤ ਸਮਰਥਕ ਹਨ। ਉਹ ਓਵਰਸਾਈਟ ਕਮੇਟੀ ਦੇ ਮੈਂਬਰ ਤੇ ਆਰਥਿਕ ਤੇ ਉਪਭੋਗਕਾ ਨੀਤੀ 'ਤੇ ਉਪਕਮੇਟੀ ਦੇ ਪ੍ਰਧਾਨ ਵੀ ਹਨ। ਇਲਿਨਾਏ ਦੀ ਗਿਆਰਵੀਂ ਕਾਂਗਰਸਨਲ ਡਿਸਟ੍ਰਿਕਟ ਵਿਚ ਕ੍ਰਿਸ਼ਣਾ ਬੰਸਲ ਨੇ ਰਿਪਬਲਿਕਨ ਪਾਰਟੀ ਦੇ ਪ੍ਰਾਈਮਰੀ ਚੋਣ ਵਿਚ ਸਖਤ ਟੱਕਰ ਦਿੱਤੀ ਪਰ ਰਿਕ ਲਾਏਬ ਨੇ ਉਹਨਾਂ ਨੂੰ ਹਰਾ ਦਿੱਤਾ।