ਰੂਸ ''ਤੇ ਪਾਬੰਦੀਆਂ ਲਗਾਉਣ ਦੀ ਅਗਵਾਈ ਕਰ ਰਿਹੈ ਭਾਰਤੀ-ਅਮਰੀਕੀ ਆਰਥਿਕ ਸਲਾਹਕਾਰ

Wednesday, Feb 23, 2022 - 01:43 PM (IST)

ਰੂਸ ''ਤੇ ਪਾਬੰਦੀਆਂ ਲਗਾਉਣ ਦੀ ਅਗਵਾਈ ਕਰ ਰਿਹੈ ਭਾਰਤੀ-ਅਮਰੀਕੀ ਆਰਥਿਕ ਸਲਾਹਕਾਰ

ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਆਰਥਿਕ ਸਲਾਹਕਾਰ ਦਲੀਪ ਸਿੰਘ ਯੂਕ੍ਰੇਨ 'ਤੇ ਰੂਸ ਦੀ ਕਾਰਵਾਈ ਦੇ ਵਿਰੋਧ 'ਚ ਬਾਈਡੇਨ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਹੇ ਹਨ। ਸਿੰਘ ਅੰਤਰਰਾਸ਼ਟਰੀ ਅਰਥ ਸ਼ਾਸਤਰ ਲਈ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰਾਸ਼ਟਰੀ ਆਰਥਿਕ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ। ਉਹ ਪਿਛਲੇ ਕੁਝ ਦਿਨਾਂ 'ਚ ਦੂਜੀ ਵਾਰ ਵ੍ਹਾਈਟ ਹਾਊਸ ਦੇ ਪ੍ਰੈੱਸ ਰੂਮ 'ਚ ਨਜ਼ਰ ਆਏ। ਵਾਈਸ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸਿੰਘ ਨੂੰ "ਲੋਕਾਂ ਦੀ ਮੰਗ 'ਤੇ ਵਾਪਸ ਲਿਆਂਦਾ ਗਿਆ ਸੀ" ਕਿਉਂਕਿ ਸਿੰਘ ਬਾਈਡੇਨ ਪ੍ਰਸ਼ਾਸਨ ਵਿੱਚ ਰੂਸ ਨੀਤੀ 'ਤੇ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਤਣਾਅ ਦਰਮਿਆਨ ਹੁਣ ਆਸਟ੍ਰੇਲੀਆ ਅਤੇ ਜਾਪਾਨ ਨੇ ਵੀ ਰੂਸ ਖ਼ਿਲਾਫ਼ ਪਾਬੰਦੀਆਂ ਦਾ ਕੀਤਾ ਐਲਾਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਯੂਕ੍ਰੇਨ ਦੇ "ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ" ਨੂੰ "ਆਜ਼ਾਦ" ਦੇਸ਼ ਵਜੋਂ ਮਾਨਤਾ ਦੇਣ ਵਾਲੇ ਫ਼ੈਸਲੇ 'ਤੇ ਹਸਤਾਖਰ ਕੀਤੇ। ਇਸ ਨਾਲ ਖੇਤਰ ਵਿੱਚ ਤਣਾਅ ਵਧ ਗਿਆ ਹੈ ਅਤੇ ਯੂਕ੍ਰੇਨ 'ਤੇ ਮਾਸਕੋ ਦੇ ਹਮਲੇ ਦੀ ਸੰਭਾਵਨਾ ਵਧ ਗਈ ਹੈ। ਪੁਤਿਨ ਨੇ ਰੂਸੀ ਸੈਨਿਕਾਂ ਨੂੰ ਪੂਰਬੀ ਯੂਕ੍ਰੇਨ ਵਿੱਚ ਅੱਗੇ ਵਧਣ ਦਾ ਹੁਕਮ ਦਿੱਤਾ ਹੈ ਜਿਸ ਨੂੰ ਕ੍ਰੇਮਲਿਨ ਇੱਕ "ਸ਼ਾਂਤੀ ਰੱਖਿਅਕ" ਮੁਹਿੰਮ ਨਾਮ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਮਲੇਸ਼ੀਆ ਸਮੇਤ ਚਾਰ ਦੇਸ਼ਾਂ ਨੂੰ ਉੱਚ ਜੋਖਮ ਵਾਲੇ ਸੈਰ-ਸਪਾਟਾ ਸਥਾਨਾਂ ਦੀ ਸੂਚੀ 'ਚ ਕੀਤਾ ਸ਼ਾਮਲ 

ਸਿੰਘ ਨੇ ਆਪਣੇ ਸੰਬੋਧਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸੀ ਹਮਲਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਰਾਸ਼ਟਰਪਤੀ (ਬਾਈਡੇਨ) ਨੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਅਤੇ ਸਹਿਯੋਗੀ ਦੇਸ਼ਾਂ ਨਾਲ ਤਾਲਮੇਲ ਕਰਕੇ ਫ਼ੈਸਲਾ ਲਿਆ। ਇਹ ਗਤੀ ਅਤੇ ਤਾਲਮੇਲ ਇਤਿਹਾਸਕ ਸੀ ਇੱਕ ਨਿਰਣਾਇਕ ਜਵਾਬ ਦੇਣ ਵਿੱਚ ਮਹੀਨੇ ਅਤੇ ਹਫ਼ਤੇ ਲੱਗ ਗਏ। ਸਿੰਘ ਨੇ ਅੱਗੇ ਕਿਹਾ ਕਿ ਜਰਮਨੀ ਨਾਲ ਰਾਤ ਭਰ ਦੀ ਗੱਲਬਾਤ ਤੋਂ ਬਾਅਦ ਰੂਸ ਦੀ ਨੋਰਡ ਸਟ੍ਰੀਮ-2 ਕੁਦਰਤੀ ਗੈਸ ਪਾਈਪਲਾਈਨ ਚਾਲੂ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਰੂਸ ਦੁਆਰਾ ਨਿਯੰਤਰਿਤ ਪਾਈਪਲਾਈਨ ਵਿੱਚ 11 ਬਿਲੀਅਨ ਡਾਲਰ ਦਾ ਨਿਵੇਸ਼ ਹੁਣ ਬੇਕਾਰ ਹੋ ਜਾਵੇਗਾ ਅਤੇ ਰੂਸ ਨੂੰ ਨੁਕਸਾਨ ਪਹੁੰਚੇਗਾ। ਇਸ ਤੋਂ ਇਲਾਵਾ ਰੂਸੀ ਬੈਂਕਾਂ ਅਤੇ ਵੱਡੇ ਕਾਰੋਬਾਰੀਆਂ 'ਤੇ ਵੀ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News