ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ
Wednesday, Jul 08, 2026 - 01:54 PM (IST)
ਜਕਾਰਤਾ (ਏਜੰਸੀ)- ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਮੰਗਲਵਾਰ ਨੂੰ ਜਕਾਰਤਾ ਵਿਚ 20 ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਹੋਏ। ਇਨ੍ਹਾਂ ਵਿਚ ਸਭ ਤੋਂ ਅਹਿਮ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਦਾ ਸਮਝੌਤਾ ਰਿਹਾ। ਦੋਵਾਂ ਦੇਸ਼ਾਂ ਵਿਚਾਲੇ ਇਸ ਰੱਖਿਆ ਸੌਦੇ ਨੂੰ ਲੈ ਕੇ ਪਿਛਲੇ 4 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਸਮਝੌਤੇ ਤਹਿਤ ਭਾਰਤ ਇੰਡੋਨੇਸ਼ੀਆ ਨੂੰ ਬ੍ਰਹਿਮੋਸ ਮਿਜ਼ਾਈਲ ਸਿਸਟਮ ਦੀਆਂ 2 ਬੈਟਰੀਆਂ ਉਪਲਬਧ ਕਰਵਾਏਗਾ। ਇਸ ਦੇ ਨਾਲ ਹੀ ਫਿਲੀਪੀਨਜ਼ ਅਤੇ ਵੀਅਤਨਾਮ ਤੋਂ ਬਾਅਦ ਇੰਡੋਨੇਸ਼ੀਆ ਬ੍ਰਹਿਮੋਸ ਮਿਜ਼ਾਈਲ ਖਰੀਦਣ ਵਾਲਾ ਤੀਜਾ ਦੇਸ਼ ਬਣ ਗਿਆ ਹੈ।
ਤਕਰੀਬਨ 20 ਕਰੋੜ ਡਾਲਰ ਦੇ ਇਸ ਰੱਖਿਆ ਸੌਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਡੋਨੇਸ਼ੀਆ ਯਾਤਰਾ ਦੌਰਾਨ ਰਾਸ਼ਟਰਪਤੀ ਪ੍ਰਬੋਵੋ ਸੁਬਿਯਾਂਤੋ ਨਾਲ ਹੋਈ ਦੁਵੱਲੀ ਗੱਲਬਾਤ ਵਿਚ ਸਹਿਮਤੀ ਬਣੀ। ਇਸ ਸਮਝੌਤੇ ਨੂੰ ਗਲੋਬਲ ਰੱਖਿਆ ਬਾਜ਼ਾਰ ਵਿਚ ਭਾਰਤ ਦੀ ਵਧਦੀ ਸਾਖ ਅਤੇ ਰੱਖਿਆ ਐਕਸਪੋਰਟ ਸਮਰੱਥਾ ਦੇ ਲਿਹਾਜ਼ ਨਾਲ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਨਾਲ ਹੀ ਇਸ ਨਾਲ ਦੋਵਾਂ ਦੇਸ਼ਾਂ ਦੇ ਰਣਨੀਤਕ ਅਤੇ ਰੱਖਿਆ ਸਬੰਧਾਂ ਨੂੰ ਵੀ ਨਵੀਂ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿਚ ਉਨ੍ਹਾਂ ਦੇ ਯੋਗਦਾਨ ਲਈ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ‘ਬਿੰਤਾਂਗ ਆਦਿਪੂਰਨ ਆਫ਼ ਦਿ ਰਿਪਬਲਿਕ ਆਫ਼ ਇੰਡੋਨੇਸ਼ੀਆ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਯਾਂਤੋ ਨੇ ਉਨ੍ਹਾਂ ਨੂੰ ਜਕਾਰਤਾ ਵਿਚ ਆਯੋਜਿਤ ਸਮਾਰੋਹ ’ਚ ਪ੍ਰਦਾਨ ਕੀਤਾ।
ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ, ‘ਅੱਜ ਸਵੇਰੇ ਮੈਨੂੰ ਬਹੁਤ ਪਿਆਰ ਨਾਲ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਕਰੋੜਾਂ ਭਾਰਤੀਆਂ ਦਾ ਹੈ, ਇੰਡੋਨੇਸ਼ੀਆ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਹੈ ਅਤੇ ਭਾਰਤ-ਇੰਡੋਨੇਸ਼ੀਆ ਦੇ ਇਤਿਹਾਸਕ ਤੇ ਨਿੱਘੇ ਸਬੰਧਾਂ ਦਾ ਸਬੂਤ ਹੈ।’ ਉਨ੍ਹਾਂ ਨੇ ਰਾਸ਼ਟਰਪਤੀ ਪ੍ਰਬੋਵੋ, ਇੰਡੋਨੇਸ਼ੀਆ ਸਰਕਾਰ ਅਤੇ ਉੱਥੋਂ ਦੀ ਜਨਤਾ ਦਾ ਧੰਨਵਾਦ ਵੀ ਕੀਤਾ।
ਮੋਦੀ ਦਾ ਚੀਨ ਨੂੰ ਸੰਦੇਸ਼, ਕਿਹਾ-ਭਾਰਤ ਸੁਤੰਤਰ ਇੰਡੋ-ਪੈਸੀਫਿਕ ਦਾ ਸਮਰਥਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਦੌਰੇ ਦੌਰਾਨ ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਨਿਯਮ-ਆਧਾਰਿਤ ਵਿਵਸਥਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਸੁਤੰਤਰ, ਸਮਾਵੇਸ਼ੀ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦਾ ਪੁਰਜ਼ੋਰ ਸਮਰਥਕ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਮੁੰਦਰੀ ਰਸਤੇ ਸਾਰਿਆਂ ਲਈ ਬਿਨਾਂ ਕਿਸੇ ਰੁਕਾਵਟ ਦੇ ਖੁੱਲ੍ਹੇ ਰਹਿਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੱਖਣੀ ਚੀਨ ਸਾਗਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀਆਂ ਵਧਦੀਆਂ ਫੌਜੀ ਅਤੇ ਸਮੁੰਦਰੀ ਗਤੀਵਿਧੀਆਂ ਨੂੰ ਲੈ ਕੇ ਕਈ ਦੇਸ਼ਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਇਸ ਨੂੰ ਖੇਤਰੀ ਸੁਰੱਖਿਆ ਅਤੇ ਸਮੁੰਦਰੀ ਸੁਤੰਤਰਤਾ ’ਤੇ ਭਾਰਤ ਦੇ ਸਪੱਸ਼ਟ ਰੁਖ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਯਾਂਤੋ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਸਮਰੱਥਾ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਯੋਜਨਾਵਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
