ਭਾਰਤ-ਅਮਰੀਕਾ ਸਾਂਝਾ ਫੌਜੀ ਅਭਿਆਸ ਯੋਜਨਾ ਚੀਨ ਨੂੰ ਸੰਦੇਸ਼
Friday, Aug 12, 2022 - 05:35 PM (IST)
ਤਾਈਵਾਨ ’ਚ ਆਪਣੀ ਮੁਹਿੰਮ ਦੇ ਨਾਲ ਹੀ ਅਮਰੀਕਾ ਨੂੰ ਇਹ ਗੱਲ ਸਮਝ ’ਚ ਆ ਗਈ ਹੈ ਕਿ ਚੀਨ ਇਕ ਬੜੀ ਵੱਡੀ ਜੰਗੀ ਸ਼ਕਤੀ ਹੈ ਜਿਸ ਦੇ ਅੱਗੇ ਵਧਣ ਤੋਂ ਇਕ ਨਵੇਂ ਬਸਤੀਵਾਦੀ ਕਾਲ ਦਾ ਉਦੈ ਹੋ ਸਕਦਾ ਹੈ। ਜਿਸ ਤੇਜ਼ੀ ਨਾਲ ਚੀਨ ਦੁਨੀਆ ਭਰ ਦੇ ਹਰ ਖੇਤਰ ਦੇ ਛੋਟੇ-ਵੱਡੇ ਦੇਸ਼ਾਂ ਨੂੰ ਲਾਲਚ ਦੇ ਕੇ ਆਪਣੇ ਪਾਲੇ ’ਚ ਮਿਲਾ ਰਿਹਾ ਹੈ, ਦੱਖਣੀ ਚੀਨ ਸਾਗਰ ’ਚ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਜਿਸ ਹਮਲਾਵਰਪੁਣੇ ਦਾ ਇਹ ਸਬੂਤ ਦੇ ਰਿਹਾ ਹੈ ਉਸ ਨੂੰ ਦੇਖਦੇ ਹੋਏ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਜੇਕਰ ਚੀਨ ਦੀਆਂ ਸਰਗਰਮੀਆਂ ’ਤੇ ਜਲਦੀ ਹੀ ਰੋਕ ਨਹੀਂ ਲਾਈ ਗਈ ਤਾਂ ਚੀਨ ਛੋਟੇ ਦੇਸ਼ਾਂ ਨੂੰ ਤੁਰੰਤ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਇਸੇ ਤਰਜ਼ ’ਤੇ ਉਹ ਦੁਨੀਆ ਦੇ ਵਧੇਰੇ ਦੇਸ਼ਾਂ ’ਤੇ ਆਪਣਾ ਗਲਬਾ ਸਥਾਪਤ ਕਰ ਕੇ ਦੁਨੀਆ ਦਾ ਕਰਤਾਧਰਤਾ ਬਣ ਜਾਵੇਗਾ।
ਚੀਨ ਦੇ ਇਸ ਖਤਰੇ ਨੂੰ ਮਹਿਸੂਸ ਕਰਦੇ ਹੋਏ ਅਮਰੀਕਾ ਚਾਹੁੰਦਾ ਹੈ ਕਿ ਉਹ ਆਪਣੇ ਮਿੱਤਰ ਦੇਸ਼ਾਂ ਦੇ ਸਹਿਯੋਗ ਨਾਲ ਚੀਨ ਦੀ ਵਧਦੀ ਤਾਕਤ ’ਤੇ ਰੋਕ ਲਾਉਣਾ ਚਾਹੁੰਦਾ ਹੈ। ਇਸ ਸਮੇਂ ਜਿੱਥੇ ਇਕ ਪਾਸੇ ਚੀਨ ਤਾਈਵਾਨ ਨਾਲ ਜੰਗ ਕਰਨ ਦੀਆਂ ਗਿੱਦੜ ਭਪਕੀਆਂ ਦੇ ਰਿਹਾ ਹੈ ਤੇ ਓਧਰ ਹੀ ਅਮਰੀਕਾ ਭਾਰਤ ਦੇ ਨਾਲ ਮਿਲ ਕੇ ਚੀਨ ਦੀ ਸਰਹੱਦ ਦੇ ਨੇੜੇ ਜੰਗੀ ਅਭਿਆਸ ਕਰਨਾ ਚਾਹੁੰਦਾ ਹੈ। ਹਾਲਾਂਕਿ ਅਜੇ ਤੱਕ ਜੰਗੀ ਅਭਿਆਸ ਦੀ ਤਰੀਕ ਤੈਅ ਨਹੀਂ ਹੈ ਪਰ ਜਾਣਕਾਰਾਂ ਦੀ ਰਾਏ ’ਚ 14 ਤੋਂ 30 ਅਕਤੂਬਰ ਤੱਕ ਇਹ ਜੰਗੀ ਅਭਿਆਸ ਉੱਤਰਾਖੰਡ ਦੇ ਓਲੀ ’ਚ ਚੱਲੇਗਾ। ਓਲੀ ’ਚ ਜਿਸ ਥਾਂ ਇਹ ਜੰਗੀ ਅਭਿਆਸ ਚੱਲੇਗਾ ਉਹ ਥਾਂ ਅਸਲ ਕੰਟ੍ਰੋਲ ਰੇਖਾ ਤੋਂ ਸਿਰਫ 100 ਕਿ.ਮੀ. ਦੂਰ ਹੈ ਅਤੇ ਫੌਜੀ ਜੰਗੀ ਅਭਿਆਸ ਔਖੇ ਪਹਾੜੀ ਇਲਾਕੇ ’ਚ ਚੱਲੇਗਾ। ਭਾਰਤ ਅਤੇ ਅਮਰੀਕਾ ਦੇ ਸਾਂਝੇ ਫੌਜੀ ਅਭਿਆਸ ਦਾ ਨਾਂ ਹੀ ਜੰਗੀ ਅਭਿਆਸ ਹੈ। ਭਾਰਤ ਅਤੇ ਅਮਰੀਕਾ ਦਾ ਸਾਂਝਾ ਫੌਜੀ ਅਭਿਆਸ ਇਕ ਸੀਰੀਜ਼ ’ਚ ਚੱਲ ਰਿਹਾ ਹੈ। ਪਿਛਲੀ ਵਾਰ ਦੋਵਾਂ ਦੇਸ਼ਾਂ ਦੀ ਸਾਂਝੀ ਫੌਜ ਨੇ ਪਿਛਲੇ ਸਾਲ ਅਕਤੂਬਰ ’ਚ ਅਲਾਸਕਾ ਦੀ ਬਰਫੀਲੀ ਜ਼ਮੀਨ ’ਤੇ ਬੜੇ ਠੰਡੇ ਮਾਹੌਲ ’ਚ ਜੰਗੀ ਅਭਿਆਸ ਕੀਤਾ ਸੀ।
ਅਮਰੀਕਾ ਦੇ ਚੀਨ ਨਾਲ ਬੜੇ ਤਣਾਅਪੂਰਨ ਸਬੰਧ ਚੱਲ ਰਹੇ ਹਨ ਅਤੇ ਹਾਲ ਹੀ ’ਚ ਨੈਂਸੀ ਪੇਲੋਸੀ ਦੀ ਤਾਈਵਾਨ ਯਾਤਰਾ ਦੇ ਬਾਅਦ ਇਹ ਸਬੰਧ ਬੜੇ ਤਲਖ ਭਰੇ ਹੋ ਗਏ ਹਨ। ਓਧਰ ਚੀਨ ਨੇ ਤਾਈਵਾਨ ਦੇ ਇਲਾਕੇ ’ਚ ਮਿਜ਼ਾਈਲਾਂ ਦਾਗੀਆਂ ਹਨ, ਅਜਿਹਾ ਕਰ ਕੇ ਚੀਨ ਤਾਈਵਾਨ ਨੂੰ ਜੰਗ ਦੇ ਲਈ ਉਕਸਾ ਰਿਹਾ ਹੈ। ਮਈ 2020 ’ਚ ਗਲਵਾਨ ਘਾਟੀ ਦੀ ਹਿੰਸਾ ਦੇ ਬਾਅਦ ਤੋਂ ਭਾਰਤ ਦੇ ਨਾਲ ਵੀ ਚੀਨ ਦੇ ਸਬੰਧ ਸਭ ਤੋਂ ਹੇਠਲੇ ਪੱਧਰ ’ਤੇ ਚੱਲ ਰਹੇ ਹਨ। ਸਾਂਝਾ ਜੰਗੀ ਅਭਿਆਸ ਜਿਸ ਮਾਹੌਲ ’ਚ ਚੱਲ ਰਿਹਾ ਹੈ ਉਸ ਨੂੰ ਸਮਝਦੇ ਹੋਏ ਜਾਣਕਾਰਾਂ ਦੀ ਰਾਏ ’ਚ ਇਹ ਬੜਾ ਜ਼ਰੂਰੀ ਹੈ ਕਿਉਂਕਿ ਚੀਨ ਨੇ ਅਸਲ ਕੰਟ੍ਰੋਲ ਰੇਖਾ ਦੇ ਦੂਜੇ ਪਾਸੇ ਨਾ ਸਿਰਫ ਵੱਡੀ ਮਾਤਰਾ ’ਚ ਆਪਣੇ ਫੌਜੀਆਂ ਨੂੰ ਇਕੱਠੇ ਕਰ ਲਿਆ ਹੈ ਸਗੋਂ ਗੋਲਾ-ਬਾਰੂਦ ਰੱਖਣ ਲਈ ਇਮਾਰਤਾਂ ਬਣਾ ਲਈਆਂ ਹਨ, ਫੌਜੀਆਂ ਦੇ ਰਹਿਣ ਲਈ ਪੱਕੀਆਂ ਬੈਰਕਾਂ ਵੀ ਬਣਾਈਆਂ ਗਈਆਂ ਹਨ। ਇਸ ਦੇ ਇਲਾਵਾ ਚੀਨ ਇਸ ਇਲਾਕੇ ’ਚ ਹਵਾਈ ਪੱਟੀ ਦਾ ਨਿਰਮਾਣ ਵੀ ਕਰਵਾ ਰਿਹਾ ਹੈ। ਰਣਨੀਤਕ ਜਾਣਕਾਰਾਂ ਦੀ ਰਾਏ ’ਚ ਚੀਨ ਭਾਰਤ ਨੂੰ ਗੱਲਬਾਤ ਦੇ ਦੌਰ ’ਚ ਉਲਝਾ ਕੇ ਆਪਣੀ ਤਿਆਰੀ ਪੂਰੀ ਕਰ ਰਿਹਾ ਹੈ ਅਤੇ ਜਿਸ ਦਿਨ ਚੀਨ ਦੀ ਤਿਆਰੀ ਪੂਰੀ ਹੋ ਗਈ ਉਸ ਦਿਨ ਉਹ ਭਾਰਤ ’ਤੇ ਹਮਲਾ ਕਰਨ ਤੋਂ ਨਹੀਂ ਝਿਜਕੇਗਾ।
ਚੀਨ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤ ਕਵਾਡ ਦਾ ਮੈਂਬਰ ਦੇਸ਼ ਹੈ ਅਤੇ ਇਸ ਸਮੇਂ ਕੂਟਨੀਤਕ ਤੌਰ ’ਤੇ ਵਿਸ਼ਵ ’ਚ ਭਾਰਤ ਦੀ ਸਥਿਤੀ ਚੀਨ ਨਾਲੋਂ ਬੜੀ ਬਿਹਤਰ ਹੈ। ਓਧਰ ਅਮਰੀਕਾ ਵੀ ਚੀਨ ਨੂੰ ਇਕ ਸਬਕ ਸਿਖਾਉਣਾ ਚਾਹੁੰਦਾ ਹੈ ਕਿਉਂਕਿ ਯੂਕ੍ਰੇਨ-ਰੂਸ ਜੰਗ ਦੇ ਬਾਅਦ ਅਮਰੀਕਾ ਨੇ ਰੂਸ ਦੇ ਵਿਰੁੱਧ ਸਿਰਫ ਪਾਬੰਦੀ ਲਾਈ ਸੀ ਜਿਸ ਦਾ ਪੂਰੀ ਦੁਨੀਆ ਨੇ ਮਜ਼ਾਕ ਉਡਾਇਆ ਸੀ। ਇਸ ਲਈ ਚੀਨ ਦੇ ਤਾਈਵਾਨ ਦੇ ਵੱਲ ਵਧਦੇ ਹਮਲਾਵਰਪੁਣੇ ਦੇ ਕਾਰਨ ਅਮਰੀਕਾ ਆਪਣੀ ਗੁਆਚੀ ਜ਼ਮੀਨ ਵਾਪਸ ਪਾਉਣ ਲਈ ਤਾਈਵਾਨ ਨਾਲ ਖੜ੍ਹਾ ਹੈ ਅਤੇ ਅਮਰੀਕਾ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਉਹ ਚੀਨ ਨੂੰ ਨਾ ਰੋਕ ਸਕਿਆ ਤਾਂ ਦੁਨੀਆ ’ਚ ਅਮਰੀਕਾ ਦੀ ਸਾਖ ਖਤਮ ਹੋਵੇਗੀ। ਅਮਰੀਕਾ ਨੇ ਭਾਰਤ ਦੇ ਨਾਲ ਰੱਖਿਆ ਖੇਤਰ ’ਚ ਕਈ ਤਰ੍ਹਾਂ ਦੇ ਕਰਾਰ ਕੀਤੇ ਹੋਏ ਹਨ, ਸਾਲ 2016 ਤੋਂ ਹੀ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਹੈ।
ਇਸ ਸਮੇਂ ਦੋਵਾਂ ਦੇਸ਼ਾਂ ਨੇ ਲਾਜਿਸਟਿਕਸ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ ਵੀ ਕੀਤਾ ਸੀ ਜਿਸ ਦਾ ਮਤਲਬ ਇਹ ਹੈ ਕਿ ਜੰਗ ਅਤੇ ਜੰਗ ਵਰਗੇ ਹਾਲਾਤ ਦੇ ਸਮੇਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ਦੇਸ਼ ਦੇ ਫੌਜੀ ਬੇਸ ਦੀ ਵਰਤੋਂ ਕਰ ਸਕਦੀਆਂ ਹਨ। ਇਕ-ਦੂਜੇ ਦੇ ਰੱਖਿਆ ਯੰਤਰਾਂ, ਜਿਨ੍ਹਾਂ ’ਚ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਵੀ ਆਉਂਦੇ ਹਨ, ਉਨ੍ਹਾਂ ਦੀ ਮੁਰੰਮਤ ਵੀ ਕਰ ਸਕਦੇ ਹਨ, ਉਨ੍ਹਾਂ ’ਚ ਤੇਲ ਭਰਨਾ ਅਤੇ ਵੱਡੇ ਪੱਧਰ ’ਤੇ ਸਹਿਯੋਗ ਸ਼ਾਮਲ ਹੈ। ਭਾਰਤ ਅਤੇ ਅਮਰੀਕਾ ਨੇ ਇਸ ਦੇ ਦੋ ਸਾਲ ਬਾਅਦ 2018 ’ਚ ਇਕ ਹੋਰ ਸਮਝੌਤਾ ਕੀਤਾ ਸੀ। ਕਮਿਊਨੀਕੇਸ਼ਨਜ਼ ਕੰਪੈਰਟਿਬਿਲਟੀ ਅਤੇ ਸਕਿਓਰਿਟੀ ਐਗਰੀਮੈਂਟ ਕੀਤਾ ਸੀ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਇਕ ਦੂਜੇ ਦੇਸ਼ ’ਚ ਆਪਸੀ ਤੌਰ ’ਤੇ ਆਵਾਜਾਈ ਸ਼ਾਮਲ ਹੈ, ਇਸ ਦੇ ਇਲਾਵਾ ਅਮਰੀਕਾ ਆਪਣੀ ਉੱਚ ਪੱਧਰ ਦੀ ਰੱਖਿਆ ਤਕਨੀਕ ਭਾਰਤ ਨੂੰ ਵੇਚ ਸਕਦਾ ਹੈ।
ਓਧਰ ਭਾਰਤ ਅਤੇ ਅਮਰੀਕਾ ਨੇ ਸਾਲ 2020 ’ਚ ਬੇਸਿਕ ਐਕਸਚੇਂਜ ਐਂਡ ਕੋਆਪ੍ਰੇਸ਼ਨ ਐਗਰੀਮੈਂਟ ਵੀ ਕੀਤਾ ਸੀ ਜਿਸ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਸਬੰਧ ਹੋਰ ਮਜ਼ਬੂਤ ਹੋਏ ਹਨ। ਇਸ ਦੇ ਤਹਿਤ ਦੋਵੇਂ ਦੇਸ਼ਾਂ ਵਲੋਂ ਇਕ-ਦੂਜੇ ਤੋਂ ਆਪਣੀ ਉੱਚ ਪੱਧਰੀ ਫੌਜੀ ਤਕਨੀਕ, ਭੂ-ਨਕਸ਼ੇ ਅਤੇ ਲਾਜਿਸਟਿਕਸ ਸਾਂਝਾ ਕਰਨਾ ਸ਼ਾਮਲ ਹੈ। ਅਜਿਹਾ ਰੱਖਿਆ ਸਹਿਯੋਗ ਅਮਰੀਕਾ ਨੇ ਕਿਸੇ ਹੋਰ ਦੇਸ਼ ਨਾਲ ਨਹੀਂ ਕੀਤਾ ਹੈ, ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਭਾਰਤ ਨੂੰ ਕਿੰਨਾ ਮਹੱਤਵ ਦਿੰਦਾ ਹੈ। ਬੇਸ਼ੱਕ ਹੀ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਕਈ ਮੁੱਦਿਆਂ ’ਤੇ ਸਹਿਮਤੀ ਨਾ ਬਣੀ ਹੋਵੇ ਪਰ ਰੱਖਿਆ ਸਹਿਯੋਗ ’ਚ ਇਕ ਗੱਲ ਸਾਬਤ ਹੋ ਚੁੱਕੀ ਹੈ ਕਿ ਅਮਰੀਕਾ ’ਚ ਰਾਸ਼ਟਰਪਤੀ ਭਾਵੇਂ ਡੈਮੋਕ੍ਰੇਟ ਹੋਵੇ ਜਾਂ ਫਿਰ ਰਿਪਬਲਿਕਨ, ਅਮਰੀਕਾ ਦੀ ਭਾਰਤ ਨੂੰ ਲੈ ਕੇ ਨੀਤੀ ਨਹੀਂ ਬਦਲਣ ਵਾਲੀ। ਅਜਿਹੇ ’ਚ ਦੋਵੇਂ ਦੇਸ਼ ਮਿਲ ਕੇ ਫੌਜੀ ਅਭਿਆਸ ਵੀ ਕਰ ਰਹੇ ਹਨ, ਭਾਰਤੀ ਫੌਜੀਆਂ ਨੂੰ ਬੜੇ ਉੱਚੇ ਔਖੇ ਸਥਾਨ ਅਤੇ ਬੜੇ ਠੰਡੇ ਸਥਾਨਾਂ ’ਤੇ ਲੜਨ ’ਚ ਮੁਹਾਰਤ ਹਾਸਲ ਹੈ ਅਤੇ ਇਸ ਤੋਂ ਅਮਰੀਕੀ ਫੌਜੀ ਵੀ ਕੁਝ ਸਿੱਖਣਗੇ। ਨਾਲ ਹੀ ਦੋਵਾਂ ਦੇਸ਼ਾਂ ਦਾ ਫੌਜੀ ਅਭਿਆਸ ਚੀਨ ਨੂੰ ਇਕ ਸੰਦੇਸ਼ ਦੇ ਕੇ ਜਾਵੇਗਾ ਕਿ ਜੇਕਰ ਚੀਨ ਨੇ ਆਪਣਾ ਹਮਲਾਵਰਪੁਣਾ ਨਾ ਛੱਡਿਆ ਤਾਂ ਕਈ ਦੇਸ਼ ਇਕੱਠੇ ਹੋ ਕੇ ਚੀਨ ਦੇ ਵਿਰੁੱਧ ਰਣਨੀਤੀ ਬਣਾ ਸਕਦੇ ਹਨ।