ਭਾਰਤ-ਕਿਰਗਿਸਤਾਨ ਵਿਚਕਾਰ 20 ਕਰੋੜ ਡਾਲਰ ਦਾ ਹੋਇਆ ਸਮਝੌਤਾ

06/15/2019 10:08:49 AM

ਬਿਜ਼ਨੈੱਸ ਡੈਸਕ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਰਗਿਸਤਾਨ ਦੇ ਨਾਲ 20 ਕਰੋੜ ਡਾਲਰ ਦੇ ਸਮਝੌਤਿਆਂ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਸੂਰੋਨਬੇ ਜੀਨਬੇਕੋਵ ਦੇ ਨਾਲ ਲੰਬੀ ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਾਂਝੇਦਾਰੀ ਵਧਾਉਣ ਲਈ ਕਰੀਬ 15 ਕਰਾਰ ਹੋਏ। ਇਨ੍ਹਾਂ ਵਿਚੋਂ ਇਕ ਕਰਾਰ ਦੋਹਰੇ ਟੈਕਸੇਸ਼ਨ ਨੂੰ ਖਤਮ ਕਰਨ ਲਈ ਹੈ।

ਵਿਦੇਸ਼ ਮੰਤਰਾਲੇ ਦੇ ਸਕੱਤਰ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਮੋਦੀ ਨੇ ਸੂਰੋਨਬੇ ਤੋਂ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕੀਤੀ, ਇਸ ਦੌਰਾਨ ਦੋਵਾਂ ਨੇ ਵਪਾਰ ਨੂੰ ਵਧਾਉਣ ਲਈ ਅਤੇ ਵੱਖ-ਵੱਖ ਖੇਤਰਾਂ 'ਚ ਸੰਬੰਧ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਸਿਹਤ, ਸੁਰੱਖਿਆ, ਰੱਖਿਆ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਨੇ ਪੰਜ ਸਾਲਾਂ ਲਈ ਰੋਡਮੈਪ ਤਿਆਰ ਕਰ ਲਿਆ ਹੈ। ਇਸ ਤੋਂ ਇਲਾਵਾ ਵਪਾਰ ਅਤੇ ਨਿਵੇਸ਼, ਸਿੱਖਿਆ ਅਤੇ ਵਿਕਾਸ 'ਚ ਸਹਿਯੋਗ 'ਤੇ ਇਕੱਠੇ ਕੰਮ ਕਰਨ ਦੀ ਸਹਿਮਤੀ ਬਣੀ ਹੈ।


Related News