ਭਾਰਤ ਦੀ ਲੜਖੜਾਉਂਦੀ ਕੂਟਨੀਤੀ ਦਾ ਨਤੀਜਾ ਹੈ ਚੀਨ ਦੀ ਜ਼ੁਰਅੱਤ

05/29/2020 1:58:18 PM

ਸੰਜੀਵ ਪਾਂਡੇ

ਲੱਦਾਖ ਇਲਾਕੇ 'ਚ ਭਾਰਤ-ਚੀਨ ਸਰਹੱਦ 'ਤੇ ਇਸ ਸਮੇਂ ਭਾਰੀ ਤਣਾਅ ਹੈ। ਦੋਵਾਂ ਪਾਸਿਆਂ ਦੀਆਂ ਫੌਜਾਂ ਦਰਮਿਆਨ ਜਬਰਦਸਤ ਤਨਾਅ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਤਨਾਅ 2017 'ਚ ਹੋਇਆ ਸੀ। ਡੋਕਲਾਮ 'ਚ ਭਾਰਤ ਅਤੇ ਚੀਨ ਆਹਮਣੇ-ਸਾਹਮਣੇ ਸਨ। ਹੁਣ ਇਕ ਵਾਰ ਮੁੜ ਭਾਰਤ ਅਤੇ ਚੀਨ ਦੇ ਆਪਸੀ ਸਬੰਧ ਬੁਰੇ ਦੌਰ 'ਚੋਂ ਲੰਘ ਰਹੇ ਹਨ। ਚੀਨੀ ਫੌਜੀਆਂ ਨੇ ਪੱਛਮੀ ਸੈਕਟਰ ਦੇ ਲੱਦਾਖ 'ਚ ਲਾਈਨ ਆਫ ਐਕਚੁਅਲ ਕੰਟਰੋਲ ਲੰਘ ਕੇ ਭਾਰਤੀ ਇਲਾਕੇ 'ਚ ਘੁਸਪੈਠ ਕੀਤੀ ਹੈ। ਚੀਨੀ ਫੌਜੀਆਂ ਨੇ ਭਾਰਤੀ ਇਲਾਕੇ 'ਚ ਭਾਰਤੀ ਫੌਜੀਆਂ ਨੂੰ ਗਸ਼ਤ ਕਰਨ ਤੋਂ ਰੋਕਿਆ। ਗਲਵਾਨ ਨਾਲਾ 'ਤੇ ਸਥਿਤ ਪੋਸਟ ਅਤੇ ਪੁਲ ਨੂੰ ਤੋੜ ਦਿੱਤਾ। ਇਧਰ ਦਿੱਲੀ ਅਤੇ ਬੀਜਿੰਗ 'ਚ ਚੁੱਪੀ ਹੈ। ਸਾਰਾ ਕੁਝ ਗੁਪਤ ਪੱਧਰ 'ਤੇ ਹੋ ਰਿਹਾ ਹੈ। ਹਾਲਾਂਕਿ ਸਰਹੱਦ 'ਤੇ ਫੌਜੀਆਂ ਦੀਆਂ ਸਰਗਰਮੀਆਂ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਟਕਰਾਅ ਖਤਰਨਾਕ ਹੋ ਸਕਦਾ ਹੈ ਪਰ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਪੂਰੀ ਦੁਨੀਆ ਨੂੰ ਇਸ ਬੁਰੇ ਦੌਰ 'ਚ ਚੀਨ ਦੀ ਇਸ ਸ਼ਰਾਰਤ 'ਤੇ ਹੈਰਾਨਗੀ ਹੈ। ਚੀਨ ਨੇ ਕੋਵਿਡ-19 ਨਾਲ ਜੂਝ ਰਹੀ ਪੂਰੀ ਦੁਨੀਆ ਦੇ ਸਾਹਮਣੇ ਦੂਜੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਕਿਉਂਕਿ ਚੀਨ ਨੇ ਇਕੱਠੇ ਆਪਣੇ ਕਈ ਗੁਆਂਢੀਆਂ ਦੀਆਂ ਸਰਹੱਦਾਂ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਕੋਵਿਡ-19 ਵਾਇਰਸ ਲਈ ਜ਼ਿੰਮੇਵਾਰ ਚੀਨ ਆਪਣੀ ਫੌਜ ਦੇ ਮਾਧਿਅਮ ਰਾਹੀਂ ਗੁਆਂਢੀਆਂ ਨੂੰ ਧਮਕਾਉਣ ਦੀ ਕੋਸ਼ਿਸ਼ 'ਚ ਹੈ।

1980 ਦੇ ਦਹਾਕੇ ਤੋਂ ਲੱਦਾਖ 'ਤੇ ਚੀਨ ਦੀ ਨਜ਼ਰ
ਲੱਦਾਖ ਸਰਹੱਦ 'ਤੇ ਭਾਰਤੀ ਇਲਾਕੇ 'ਚ ਚੀਨੀ ਘੁਸਪੈਠ ਦੀ ਘਟਨਾ ਕੋਈ ਨਵੀਂ ਘਟਨਾ ਨਹੀਂ ਹੈ। ਕਿਉਂਕਿ ਲੱਦਾਖ 'ਚ ਘੁਸਪੈਠ ਕਰ ਚੀਨ ਅਕਸਾਈ ਚੀਨ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। 1980 ਦੇ ਦਹਾਕੇ ਤੋਂ ਲੱਦਾਖ ਸੈਕਟਰ 'ਚ ਚੀਨੀ ਸੈਨਿਕਾਂ ਦਾ ਘੁਸਪੈਠ ਹੋ ਰਿਹਾ ਹੈ। ਚੀਨ ਨੇ ਲੱਦਾਖ ਸਰਹੱਦ 'ਤੇ ਕਈ ਵਿਵਾਦਿਤ ਇਲਾਕਿਆਂ 'ਤੇ ਆਪਣਾ ਕੰਟਰੋਲ ਵਧਾਇਆ, ਜਦਕਿ ਭਾਰਤ ਦੀਆਂ ਸਰਕਾਰਾਂ ਦੀ ਨੀਤੀ ਚੀਨ ਸਰਹੱਦ 'ਤੇ ਢਿੱਲੀ ਰਹੀ। ਭਾਰਤੀ ਸਰਹੱਦ ਦੇ ਅੰਦਰ ਚੀਨੀ ਘੁਸਪੈਠ ਜਾਰੀ ਰਹੀ ਪਰ ਭਾਰਤ ਸਰਕਾਰ ਇਸ ਨੂੰ ਨਜ਼ਰਅੰਦਾਜ਼ ਕਰਦੀ ਰਹੀ। 2013 'ਚ ਸ਼ਾਮ ਸ਼ਰਨ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ ਚੀਨ ਦੇ ਹੱਥਾਂ 640 ਵਰਗ ਕਿਲੋਮੀਟਰ ਗੁਆ ਚੁੱਕਾ ਹੈ। ਚੀਨ ਭਾਰਤ-ਚੀਨ ਸਰਹੱਦ ਦਾ ਨਿਰਧਾਰਨ ਆਪਣੇ ਹਿਸਾਬ ਨਾਲ ਕਰਵਾਉਣਾ ਚਾਹੁੰਦਾ ਹੈ, ਤਾਂਕਿ ਚੀਨ ਸਿਆਚੀਨ ਇਲਾਕੇ ਤੱਕ ਆਰਾਮ ਨਾਲ ਪਹੁੰਚ ਸਕੇ। ਇਸ ਨਾਲ ਗਿਲਗਿਤ ਬਲਿਸਤਾਨ ਦੇ ਇਲਾਕੇ 'ਚ ਚੀਨੀ ਨਿਵੇਸ਼ ਨੂੰ ਵਧਾਵਾ ਅਤੇ ਸੁਰੱਖਿਆ ਦੋਵੇਂ ਮਿਲਣਗੇ। ਚੀਨ ਚਾਹੁੰਦਾ ਹੈ ਕਿ ਭਾਰਤ ਸਿੱਧੂ ਅਤ ਸ਼ਯੋਕ ਨਦੀ ਨੂੰ ਕੁਦਰਤੀ ਸੀਮਾ ਮੰਨ ਲਵੇ। ਜੇਕਰ ਚੀਨ ਦੀ ਇਹ ਰਣਨੀਤੀ ਸਫਲ ਹੋ ਜਾਂਦੀ ਹੈ ਤਾਂ ਚੀਨ ਦਾ ਕਾਰਾਕੋਰਮ ਦੇ ਦੱਖਣੀ ਇਲਾਕੇ 'ਚ ਕੰਟਰੋਲ ਹੋ ਜਾਵੇਗਾ। ਕਾਰਾਕੋਰਮ ਦੇ ਦੱਖਣ 'ਚ ਪੈਣ ਵਾਲੇ ਇਲਾਕੇ 'ਤੇ ਕਬਜ਼ੇ ਦੇ ਬਾਅਦ ਚੀਨ ਨੂੰ ਸਿਆਚੀਨ ਗਲੇਸ਼ੀਅਰ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਚੀਨ ਗਲਵਾਨ ਨਦੀ ਅਤੇ ਸ਼ਯੋਕ ਨਦੀ ਦੇ ਪਾਣੀ ਨੂੰ ਵੀ ਆਪਣੇ ਕੰਟਰੋਲ 'ਚ ਲੈਣਾ ਚਾਹੁੰਦਾ ਹੈ ਤਾਂਕਿ ਇਨ੍ਹਾਂ ਦੋਵੇਂ ਨਦੀਆ ਦੇ ਪਾਣੀ ਨੂੰ ਅਕਸਾਈ ਚੀਨ ਤੱਕ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ ► 'ਕੋਰੋਨਾ' ਆਫ਼ਤ 'ਚ ਚੀਨ ਨੂੰ ਲੈ ਕੇ ਭਾਰਤੀ ਡਿਪਲੋਮੇਸੀ

PunjabKesari

ਦੁਨੀਆ ਦੇ ਸਾਹਮਣੇ ਖਲਨਾਇਕ, ਆਰਿਥਕ ਸੱਟ ਵੀ ਲੱਗੀ
ਇਕ ਪਾਸੇ ਜਿੱਥੇ ਕੋਵਿਡ-19 ਦੀ ਆਫਤ ਚੀਨ ਦੇ ਗੁਆਂਢੀ ਦੇਸ਼ਾਂ 'ਤੇ ਹੈ, ਉਥੇ ਹੀ ਚੀਨ ਗੁਆਂਢੀ ਮੁਲਕਾਂ 'ਚ ਘੁਸਪੈਠ ਕਰ ਰਿਹਾ ਹੈ। ਚੀਨ ਦੀ ਸ਼ਰਾਰਤ ਦੇ ਤੱਤਕਾਲੀ ਕਾਰਨ ਕੋਵਿਡ-19 ਵੀ ਹਨ ਕਿਉਂਕਿ ਕੋਵਿਡ-19 ਦੇ ਜ਼ਿੰਮੇਵਾਰ ਕੋਰੋਨਾ ਵਾਇਰਸ ਨੂੰ ਵੁਹਾਨ ਵਾਇਰਸ ਦਾ ਨਾਂ ਵੀ ਦਿੱਤਾ ਗਿਆ ਹੈ। ਇਹ ਨਾਂ ਅਮਰੀਕਾ ਨੇ ਦਿੱਤਾ ਹੈ। ਚੀਨ ਵੁਹਾਨ ਵਾਇਰਸ ਕਾਰਨ ਪੂਰੀ ਦੁਨੀਆ 'ਚ ਖਲਨਾਇਕ ਬਣ ਚੁੱਕਾ ਹੈ। ਇਸ ਸਮੇਂ ਪੂਰੀ ਦੁਨੀਆ ਚੀਨ ਤੋਂ ਨਾਰਾਜ਼ ਹੈ। ਉਧਰ ਭਾਰਤ ਨੇ ਚੀਨ ਨੂੰ ਘੇਰਣ 'ਚ ਲੱਗੇ ਯੂਰਪੀ ਯੂਨੀਅਨ, ਆਸਟ੍ਰੇਲੀਆ ਅਤੇ ਅਮਰੀਕਾ ਨੂੰ ਸਮਰਥਨ ਦਿੱਤਾ ਹੈ। ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਨੇ ਵਾਇਰਸ ਦੇ ਫੈਲਾਅ ਦੀ ਜਾਂਚ ਦਾ ਪ੍ਰਸਤਾਵ ਰੱਖਿਆ। ਇਸ ਨੂੰ ਭਾਰਤ ਨੇ ਵੀ ਸਮਰਥਨ ਦਿੱਤਾ। ਇਸ ਨਾਲ ਚੀਨ ਬੇਹੱਦ ਨਾਰਾਜ਼ ਹੋ ਗਿਆ। ਉਧਰ ਤਾਇਵਾਨ ਦੇ ਨਾਲ ਭਾਰਤ ਦੀ ਵੱਧਦੀ ਨਜ਼ਦੀਕੀ ਨਾਲ ਵੀ ਚੀਨ ਨਾਰਾਜ਼ ਹੈ। ਇਸੇ ਦੌਰਾਨ ਚੀਨ ਨਾਲ ਕਈ ਬਹੁ ਰਾਸ਼ਟਰੀ ਕੰਪਨੀਆਂ ਨੇ ਬਾਹਰ ਨਿਕਲਣ ਦੇ ਸੰਕੇਤ ਦਿੱਤੇ ਹਨ। ਕੁਝ ਕੰਪਨੀਆਂ ਨਿਕਲ ਵੀ ਗਈਆਂ ਹਨ। ਕਈ ਕੰਪਨੀਆਂ ਦੱਖਣੀ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵੀਅਤਮਾਨ, ਥਾਈਲੈਂਡ, ਤਾਇਵਾਨ ਅਤੇ ਭਾਰਤ ਵੱਲ ਰੁਖ ਕਰਨ ਦੀ ਯੋਜਨਾ ਬਣ ਰਹੀਆਂ ਹਨ।

ਕਈ ਕੰਪਨੀਆਂ ਵੀਅਤਮਾਨ, ਤਾਇਵਾਨ ਪਹੁੰਚੀਆਂ, ਵੀਅਤਮਾਨ-ਤਾਇਵਾਨ 'ਚ ਵੀ ਘੁਸਪੈਠ
ਚੀਨ ਨਾਲ ਕਈ ਕੰਪਨੀਆਂ ਵੀਅਤਮਾਨ ਅਤੇ ਤਾਇਵਾਨ ਵੀ ਪਹੁੰਚੀਆਂ। ਪਿਛਲੇ ਕੁਝ ਸਮੇਂ 'ਚ 56 ਕੰਪਨੀਆਂ ਨੇ ਚੀਨ ਨੂੰ ਛੱਡਿਆ। ਇਨ੍ਹÎਾਂ 'ਚੋਂ 26 ਕੰਪਨੀਆਂ ਵੀਅਤਮਾਨ ਪਹੁੰਚੀਆਂ। 11 ਕੰਪਨੀਆਂ ਤਾਇਵਾਨ ਪਹੁੰਚੀਆਂ। 8 ਥਾਈਲੈਂਡ ਅਤੇ ਤਿੰਨ ਭਾਰਤ 'ਚ ਆਈਆਂ। ਚੀਨ ਇਸ ਨਾਲ ਬੇਹੱਦ ਨਾਰਾਜ਼ ਹੈ। ਕੋਵਿਡ-19 ਦੀ ਆਫਤ ਦੌਰਾਨ ਹੀ ਚੀਨ ਜਿੱਥੇ ਲੱਦਾਖ ਸੈਕਟਰ 'ਚ ਤਣਾਅ ਵਧਾ ਰਿਹਾ ਹੈ, ਉਥੇ ਹੀ ਤਾਇਵਾਨ ਅਤੇ ਵੀਅਤਮਾਨ ਦੇ ਇਲਾਕਿਆਂ 'ਚ ਵੀ ਚੀਨੀ ਸੈਨਿਕ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਪ੍ਰੈਲ ਮਹੀਨੇ 'ਚ ਚੀਨੀ ਜਲ ਸੈਨਾ ਨੇ ਦੱਖਣੀ ਚੀਨ ਸਾਗਰ ਦੇ ਪਾਰਸਲ ਟਾਪੂ ਦੇ ਕੋਲ ਵੀਅਤਮਾਨ ਦੇ ਮਛੇਰਿਆਂ ਦੀ ਕਿਸ਼ਤੀ 'ਤੇ ਹਮਲਾ ਬੋਲ ਦਿੱਤਾ। ਇਸ 'ਚ ਬੈਠੇ ਮਛੇਰਿਆਂ ਨੂੰ ਬੰਦੀ ਬਣਾ ਲਿਆ ਅਤੇ ਬਾਅਦ 'ਚ ਛੱਡ ਦਿੱਤਾ ਗਿਆ। ਫਰਵਰੀ ਮਹੀਨੇ ਤੋਂ ਚੀਨੀ ਸੈਨਾ ਤਾਇਵਾਨ ਦੇ ਸਮੁੰਦਰੀ ਸਰਹੱਦ 'ਚ ਘੁਸਪੈਠ ਕਰ ਰਹੀ ਹੈ। ਤਾਇਵਾਨ ਦੀ ਸਰਹੱਦ 'ਚ ਲੜਾਕੂ ਜਹਾਜ਼ ਜੈੱਟ ਅਤੇ ਸਮੁੰਦਰੀ ਸਰਹੱਦ 'ਚ ਚੀਨ ਜਲ ਸੈਨਾ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਦਰਅਸਲ ਚੀਨ ਦੀ ਬੌਖਲਾਹਟ ਇਹ ਹੈ ਕਿ ਕਈ ਯੂਰਪੀ ਦੇਸ਼ ਅਤੇ ਅਮਰੀਕਾ ਆਪਣੇ ਦਰਾਮਦ ਨੂੰ ਦੱਖਣ ਅਤੇ ਪੂਰਬੀ ਏਸ਼ੀਆ ਦੇ ਕਈ ਹੋਰ ਦੇਸ਼ਾਂ ਦੇ ਨਾਲ ਵਧਾ ਰਹੇ ਹਨ। ਇਸ ਨਾਲ ਚੀਨ ਕਾਫੀ ਪਰੇਸ਼ਾਨ ਹੈ।

ਚੀਨ ਨਾਲ ਸਬੰਧਤ ਭਾਰਤੀ ਕੂਟਨੀਤੀ ਰੱਖਿਆਤਮਕ
ਭਾਰਤ ਦੀ ਪਾਕਿਸਤਾਨ ਨਾਲ ਸਬੰਧਤ ਕੂਟਨੀਤੀ ਹਮਲਾਵਰ ਹੈ। ਪਰ ਚੀਨ ਨਾਲ ਸਬੰਧਤ ਕੂਟਨੀਤੀ ਰੱਖਿਆਤਮਕ ਹੈ। ਪਿਛਲੇ ਸਾਲ ਭਾਰਤ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕਰ ਦਿੱਤਾ। ਇਸ ਨਾਲ ਚੀਨ ਘਬਰਾ ਗਿਆ। ਇਸ ਤੋਂ ਬਾਅਦ ਚੀਨ ਭਾਰਤ ਪ੍ਰਤੀ ਲਗਾਤਾਰ ਹਮਲਾਵਰ ਰਿਹਾ। ਕਿਉਂਕਿ ਚੀਨ ਦੀ ਪਹਿਲ ਮਕਬੂਜਾ ਕਸ਼ਮੀਰ 'ਚ ਆਪਣੇ ਆਰਥਿਕ ਨਿਵੇਸ਼ ਨੂੰ ਸੁਰੱਖਿਅਤ ਰੱਖਣਾ ਹੈ। ਇਸ ਲਈ ਚੀਨ ਲਗਾਤਾਰ ਕੌਮਾਂਤਰੀ ਮੰਚਾਂ 'ਤੇ ਪਾਕਿਸਤਾਨ ਦੇ ਨਾਲ ਖੜ੍ਹਾ ਰਿਹਾ। ਹਾਲ ਹੀ 'ਚ ਗਿਲਗਿਤ ਬਲਤਿਸਤਾਨ ਇਲਾਕੇ 'ਚ ਡਾਇਮਰ ਭਾਸ਼ਾ ਡੈਮ ਬਣਾਉਣ ਨੂੰ ਲੈ ਕੇ ਪਾਕਿਸਤਾਨ ਅਤੇ ਚੀਨ ਦਰਮਿਆਨ ਸਮਝੌਤਾ ਹੋ ਗਿਆ। ਚੀਨ ਦਾ ਲੱਦਾਖ ਇਲਾਕੇ 'ਚ ਘੁੱਸਪੈਠ ਦਾ ਇਕ ਕਾਰਨ ਇਹ ਵੀ ਹੈ ਕਿ ਚੀਨ ਭਾਰਤੀ ਸਰਹੱਦ 'ਚ ਘੁਸਪੈਠ ਕਰਕੇ ਭਾਰਤ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਭਾਰਤ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵੱਲ ਨਜ਼ਰ ਰੱਖੇਗਾ ਤਾਂ ਚੀਨ ਉਸ ਨੂੰ ਲੱਦਾਖ ਖੇਤਰ 'ਚ ਪਰੇਸ਼ਾਨ ਕਰੇਗਾ। ਚੀਨ ਦੀ ਚਿੰਤਾ ਪਾਕਿਸਤਾਨ 'ਚ ਭਾਰੀ ਆਰਥਿਕ ਨਿਵੇਸ਼ ਨੂੰ ਲੈ ਕੇ ਹੈ।

ਪਿਛਲੇ ਸਾਲਾਂ ਦੌਰਾਨ ਸੈਂਕੜੇ ਵਾਰ ਭਾਰਤੀ ਸਰਹੱਦੀ ਖੇਤਰ ਵਿਚ ਦਾਖਲ ਹੋਏ ਚੀਨੀ ਫੌਜੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਹੁੰਦੀ ਰਹੀ ਹੈ। ਵੁਹਾਨ ਅਤੇ ਮਹਾਬਲੀਪੁਰਮ ਵਿਚ ਵੀ ਸਿਖਰ ਬੈਠਕ ਹੋਈ। ਮੋਦੀ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੂੰ  ਅਹਿਮਦਾਬਾਦ ਵੀ ਲੈ ਕੇ ਗਏ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਸੰਬੰਧ ਬਿਹਤਰ ਬਣਨ ਦੇ ਦਾਅਵੇ ਵੀ ਖੂਬ ਕੀਤੇ। ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਵੱਖਰੀ ਹੈ। ਇਨ੍ਹਾਂ ਸਾਰੇ ਦਾਅਵਿਆਂ ਵਿਚਕਾਰ ਭਾਰਤੀ ਸਰਹੱਦ ਵਿਚ ਚੀਨੀ ਘੁਸਪੈਠ 'ਚ ਕੋਈ ਕਮੀ ਨਹੀਂ ਆਈ। ਪੱਛਮ ਤੋਂ ਲੈ ਕੇ ਪੂਰਬੀ ਸੈਕਟਰ ਵਿਚ ਚੀਨੀ ਫੌਜੀ ਲਗਾਤਾਰ ਕੰਟਰੋਲ ਰੇਖਾ ਦੀ ਉਲੰਘਣਾ ਕਰਦੇ ਰਹੇ। ਪੱਛਮੀ ਸੈਕਟਰ ਵਿਚ ਚੀਨੀ ਫੌਜੀਆਂ ਨੇ 2015 ਤੋਂ 2019 ਵਿਚਕਾਰ 1600 ਤੋਂ ਵੱਧ ਵਾਰ ਅਸਲ ਕੰਟਰੋਲ ਰੇਖਾ(ਲਾਈਨ ਆਫ ਐਕਚੁਅਲ ਕੰਟਰੋਲ) ਦੀ ਉਲੰਘਣਾ ਕੀਤੀ। ਪੂਰਬੀ ਸੈਕਟਰ ਦੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਇਲਾਕੇ 'ਚ ਚੀਨੀ ਫੌਜਾਂ ਨੇ 2015 ਤੋਂ 2019 ਤੱਕ ਲਗਭਗ 500 ਵਾਰ ਸਰਹੱਦ ਦੀ ਉਲੰਘਣਾ ਕੀਤੀ। ਇਸੇ ਤਰ੍ਹਾਂ ਨਾਲ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਖੇਤਰਾਂ ਵਿਚ 2015 ਤੋਂ 2019 ਤੱਕ ਚੀਨੀ ਫੌਜਾਂ ਨੇ ਲਗਭਗ 100 ਵਾਰ ਸਰਹੱਦ ਦੀ ਉਲੰਘਣਾ ਕੀਤੀ। ਹਾਲਾਂਕਿ ਚੀਨੀ ਰਾਸ਼ਟਰਪਤੀ ਜਿਨਪਿੰਗ ਅਤੇ ਪੀਐਮ ਮੋਦੀ ਵਿਚਕਾਰ 2018 'ਚ ਵੁਹਾਨ ਅਤੇ 2019 ਵਿਚ ਮਹਾਬਲਿਪੁਰਮ ਦੇ ਸਿਖਰ ਸੰਮੇਲਨ ਵਿਚ ਤੈਅ ਹੋਇਆ ਸੀ ਕਿ ਸਰਹੱਦ ਦੇ ਵਿਵਾਦ ਨੂੰ ਜਲਦੀ ਤੋਂ ਜਲਦੀ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਪਰ ਅਜਿਹਾ ਕੁਝ ਵੀ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦਿੱਤਾ। ਕਿਉਂਕਿ 2018 ਵਿਚ ਚੀਨੀ ਫੌਜਾਂ ਨੇ 404 ਵਾਰ ਬਾਰਡਰ ਦੀ ਉਲੰਘਣਾ ਕੀਤੀ ਸੀ। 2019 ਵਿਚ 663 ਵਾਰ ਬਾਰਡਰ ਦੇ ਨਿਯਮਾਂ ਦੀ ਉਲੰਘਣਾ ਕੀਤੀ। ਇਹ ਖੇਡ ਹੁਣ 2020 ਵਿਚ ਵੀ ਜਾਰੀ ਹੈ।


Anuradha

Content Editor

Related News