ਇਟਲੀ ਦੀ ਧਰਤੀ ''ਤੇ ਢੋਲ-ਢਮੱਕੇ ਨਾਲ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ

08/16/2022 2:12:05 AM

ਰੋਮ/ਇਟਲੀ (ਕੈਂਥ) : ਭਾਰਤ ਦਾ ਆਜ਼ਾਦੀ ਦਿਹਾੜਾ ਜਿਥੇ ਪੂਰੇ ਭਾਰਤ ਵਿੱਚ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ, ਉਥੇ ਹੀ ਵਿਦੇਸ਼ਾਂ ਵਿੱਚ ਵੀ ਨਜ਼ਾਰਾ ਦੇਖਣ ਵਾਲਾ ਸੀ। ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿਤ ਦੂਤਘਰ ਵੱਲੋਂ ਭਾਰਤ ਦੇ ਰਾਜਦੂਤ ਨਿਵਾਸ ਸਥਾਨ 'ਤੇ ਵੀ ਬਹੁਤ ਹੀ ਖੁਸ਼ੀਆਂ ਤੇ ਚਾਵਾਂ ਨਾਲ ਢੋਲ-ਢਮੱਕੇ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਭਾਰਤ ਦੇ ਰਾਜਦੂਤ ਮੈਡਮ ਡਾ. ਨੀਨਾ ਮਲਹੋਤਰਾ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰਾਸ਼ਟਰੀ ਗੀਤ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰਾਸ਼ਟਰ ਦੇ ਨਾਂ ਵਾਲਾ ਸੰਦੇਸ਼ ਮੈਡਮ ਡਾ. ਨੀਨਾ ਮਲਹੋਤਰਾ ਨੇ ਪੜ੍ਹ ਕੇ ਸੁਣਾਇਆ। ਨੰਨ੍ਹੇ-ਮੁੰਨੇ ਬੱਚਿਆਂ ਨੇ ਦੇਸ਼ ਭਗਤੀ ਵਾਲੇ ਗੀਤ ਗਾਏ।

ਇਹ ਵੀ ਪੜ੍ਹੋ : ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਲੰਡਨ ’ਚ ਭਾਰਤੀ ਦੂਤਘਰ ਸਾਹਮਣੇ ਰੋਸ ਮੁਜ਼ਾਹਰਾ

ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਗਿੱਧੇ, ਭੰਗੜੇ ਅਤੇ ਕਲਚਰਲ ਪ੍ਰੋਗਰਾਮ ਵੀ ਕਰਵਾਏ ਗਏ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਨੌਜਵਾਨ ਕੁੜੀਆਂ-ਮੁੰਡਿਆਂ ਵੱਲੋਂ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤੇ। ਭੰਗੜੇ ਨੂੰ ਹਾਜ਼ਰੀਨ ਨੇ ਪੱਬਾਂ ਭਾਰ ਹੋ ਕੇ ਦੇਖਿਆ। ਅੰਤ 'ਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਇਸ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ 'ਚ ਪਹੁੰਚ ਵਾਲੇ ਸਾਰੇ ਲੋਕਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਭਾਰਤੀ ਰਾਜਦੂਤ ਮੈਡਮ ਮਲਹੋਤਰਾ ਨੇ ਇਟਲੀ ਵਿੱਚ ਰਹਿ ਰਹੇ ਸਮੂਹ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਦੱਸਣਯੋਗ ਹੈ ਕਿ 75ਵੇਂ ਆਜ਼ਾਦੀ ਦਿਹਾੜੇ ਮੌਕੇ ਰੋਮ ਇਲਾਕੇ ਤੋਂ ਇਲਾਵਾ ਇਟਲੀ ਦੇ ਦੂਜੇ ਸੂਬਿਆਂ ਤੋਂ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰਤੀ ਖਾਣਿਆਂ ਦਾ ਵੀ ਮਹਿਮਾਨਾਂ ਨੇ ਭਰਪੂਰ ਲੁਤਫ ਲਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News