ਅਮਰੀਕਾ ''ਚ ਵੀ ਇਟਲੀ ਵਰਗੇ ਹਾਲਾਤ, ਇਕੋ ਦਿਨ ''ਚ ਹੋਈਆਂ 1000 ਤੋਂ ਜ਼ਿਆਦਾ ਮੌਤਾਂ
Saturday, Apr 04, 2020 - 04:13 AM (IST)

ਵਾਸ਼ਿੰਗਟਨ - ਅਮਰੀਕਾ ਵਰਗੇ ਖੁਸ਼ਹਾਲ ਦੇਸ਼ ਨੂੰ ਵੀ ਕੋਰੋਨਾਵਾਇਰਸ ਮਹਾਮਾਰੀ ਨੇ ਆਪਣੇ ਅੱਗੇ ਝੁਕਣ ਨੂੰ ਮਜ਼ਬੂਰ ਕੀਤਾ ਹੋਇਆ ਹੈ, ਜਿਸ ਦਾ ਅੰਦਾਜ਼ਾ ਇਥੇ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਜੇ ਵੀ ਕਈ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਗਿਆ। ਦੱਸ ਦਈਏ ਕਿ ਹੁਣ ਤੱਕ ਅਮਰੀਕਾ ਦੇ ਨਿਊਯਾਰਕ ਸੂਬੇ 'ਤੇ ਇਸ ਵਾਇਰਸ ਦਾ ਸਭ ਤੋਂ ਪ੍ਰਭਾਵ ਦੇਖਿਆ ਗਿਆ ਹੈ। ਉਥੇ ਹੀ ਅੱਜ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ 1010 ਮੌਤਾਂ ਹੋਣ ਦੀ ਜਾਣਕਾਰੀ ਹੈ ਅਤੇ 30,616 ਨਵੇਂ ਇਨਫੈਕਟਡ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਵਿਚ 968 ਮੌਤਾਂ ਹੋਈਆਂ ਸਨ ਅਤੇ 28,000 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੇ ਅੰਕਡ਼ੇ ਸਾਹਮਣੇ ਆਏ ਸਨ। ਅਮਰੀਕਾ ਵਿਚ ਹੁਣ ਤੱਕ ਦੂਜੀ ਵਾਰ 1000 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਹਡ਼ੀਆਂ ਕਿ ਰਿਕਾਰਡ ਪੱਧਰ 'ਤੇ ਦਰਜ ਕੀਤੀਆਂ ਗਈਆਂ ਹਨ।
ਅਮਰੀਕਾ ਵਿਚ ਵੱਡੇ ਪੱਧਰ 'ਤੇ ਇਨਫੈਕਟਡ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਹਡ਼ੇ ਕਿ ਬਾਕੀ ਦੇਸ਼ਾਂ ਤੋਂ 8 ਤੋਂ 10 ਗੁਣਾ ਜ਼ਿਆਦਾ ਹਨ। ਉਥੇ ਹੀ ਅਮਰੀਕਾ ਦੇ ਸਭ ਤੋਂ ਪ੍ਰਭਾਵਿਤ ਸੂਬੇ ਨਿਊਯਾਰਕ ਵਿਚ ਹੁਣ ਤੱਕ 2,935 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,02,863 ਹੋ ਗਏ ਹਨ। ਅਮਰੀਕਾ ਵਿਚ 26 ਮਾਰਚ ਤੋਂ ਬਾਅਦ ਵੱਡੀ ਗਿਣਤੀ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਹੀ ਵਾਇਰਸ ਕਾਰਨ ਫਰਵਰੀ 29 ਨੂੰ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ 29 ਫਰਵਰੀ ਤੋਂ 27 ਮਾਰਚ ਤੱਕ 1695 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ ਪਰ ਮਾਰਚ 28 ਤੋਂ ਬਾਅਦ 3 ਅਪ੍ਰੈਲ ਤੱਕ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਹ ਅੰਕਡ਼ੇ ਹੈਰਾਨ ਕਰਨ ਵਾਲੇ ਸਾਹਮਣੇ ਆਏ ਹਨ।