21ਵੀਂ ਸਦੀ ਦੀ ਮੁਕਾਬਲੇਬਾਜ਼ੀ ’ਚ ਚੀਨ ਨਹੀਂ, ਅਮਰੀਕੀ ਦੀ ਜਿੱਤ ਹੋਵੇ : ਹੈਰਿਸ
Friday, Aug 23, 2024 - 06:57 PM (IST)
ਸ਼ਿਕਾਗੋ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਹ ਯਕੀਨੀ ਬਣਾਏਗੀ ਕਿ ‘21ਵੀਂ ਸਦੀ ਦੇ ਮੁਕਾਬਲੇ’ ’ਚ ਚੀਨ ਨਹੀਂ ਸਗੋਂ ਅਮਰੀਕਾ ਦੀ ਜਿੱਤ ਹੋਵੇ ਅਤੇ ਦੁਨੀਆ ਦੀ ਲੀਡਰਸ਼ਿਪ ਕਰਨ ਦੀ ਉਸ ਦੀ ਭੂਮਿਕਾ ਮਜ਼ਬੂਤ ਹੋਵੇ। ਹੈਰਿਸ ਨੇ ਨਵੰਬਰ ’ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਵੀਰਵਾਰ ਰਾਤ ਰਸਮੀ ਤੌਰ ’ਤੇ ਪ੍ਰਵਾਨ ਕਰ ਲਈ। ਚੋਣਾਂ ’ਚ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦਰਮਿਆਨ ਸਖਤ ਟੱਕਰ ਹੈ।
ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਸ਼ਿਕਾਗੋ ’ਚ ‘ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ’ ਦੌਰਾਨ ਉਮੀਦਵਾਰੀ ਪ੍ਰਵਾਨ ਕੀਤੀ ਅਤੇ ਇਸ ਦੇ ਨਾਲ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਲੀ ਡੈਮੋਕ੍ਰੇਟਿਕ ਪਾਰਟੀ ਦੀ ਦੂਜੀ ਮਹਿਲਾ ਆਗੂ ਬਣ ਗਈ। ਹੈਰਿਸ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਬਣਨ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਪਹਿਲੀ ਗੈਰ-ਗੋਰੀ ਮਹਿਲਾ ਹਨ। ਸ਼ਿਕਾਗੋ ਦੇ ‘ਯੂਨਾਇਟਿਡ ਸੈਂਟਰ ’ਚ ਉਮੀਦਵਾਰੀ ਪ੍ਰਵਾਨ ਕਰਨ ਲਈ ਮੰਚ ’ਤੇ ਆਈ ਹੈਰਿਸ ਨੇ ਕਿਹਾ ਕਿ ਉਹ ‘ਮੌਕਾ ਆਧਾਰਿਤ ਅਜਿਹੀ ਅਰਥਵਿਵਸਥਾ’ ਬਣਾਵੇਗੀ ਜਿਥੇ ਹਰ ਕਿਸੇ ਨੂੰ ਮੁਕਾਬਲਾ ਕਰਨ ਅਤੇ ਸਫਲ ਹੋਣ ਦਾ ਮੌਕਾ ਮਿਲੇਗਾ।
ਹੈਰਿਸ (59) ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਵਾਂਗੀ ਕਿ ਅਸੀਂ ਪੁਲਸ ਅਤੇ ਬਨਾਉਟੀ ਸਿਆਣਪ ਦੇ ਖੇਤਰ ’ਚ ਵਿਸ਼ਵ ਦੀ ਲੀਡਰਸ਼ਿਪ ਕਰੇ ਅਤੇ 21ਵੀਂ ਸਦੀ ਦੀ ਮੁਕਾਬਲੇਬਾਜ਼ੀ ’ਚ ਚੀਨ ਨਹੀਂ ਸਗੋਂ ਅਮਰੀਕਾ ਦੀ ਜਿੱਤ ਹੋਵੇ ਅਤੇ ਅਸੀਂ ਦੁਨੀਆ ਦੀ ਅਗਵਾਈ ਕਰਨ ਵਾਲੇ ਦੇਸ਼ ਦੇ ਤੌਰ ’ਤੇ ਆਪਣੀ ਭੂਮਿਕਾ ਨੂੰ ਛੱਡਣ ਦੀ ਬਜਾਏ ਉਸ ਨੂੰ ਮਜ਼ਬੂਤ ਕਰੀਏ। ਉਨ੍ਹਾਂ ਨੇ ਕਿਹਾ ਕਿ ਤੁਸੀਂ ਭਾਵੇਂ ਦਿਹਾਤੀ ਖੇਤਰ ’ਚ ਰਹਿੰਦੇ ਹੋ, ਛੋਟੇ ਸ਼ਹਿਰ ’ਚ ਜਾਂ ਵੱਡੇ ਸ਼ਹਿਰ ’ਚ... ਰਾਸ਼ਟਰਪਤੀ ਵਜੋਂ, ਮੈਂ ਕਿਰਤੀਆਂ ਅਤੇ ਮੁਲਾਜ਼ਮਾਂ, ਛੋਟੇ ਕਾਰੋਬਾਰ ਦੇ ਮਾਲਕਾਂ ਅਤੇ ਉੱਦਮੀਆਂ ਅਤੇ ਅਮਰੀਕੀ ਕੰਪਨੀਆਂ ਨੂੰ ਇਕੱਠੇ ਲਿਆਵਾਂਗੀ, ਤਾਂ ਕਿ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ।
ਮੈਂ ਸਾਡੀ ਅਰਥਵਿਵਸਤਾ ਦਾ ਵਿਸਤਾਰ ਕਰਾਂਗੀ ਅਤੇ ਸਿਹਤ ਸੇਵਾ, ਰਿਹਾਇਸ਼ ਅਤੇ ਕਰਿਆਨੇ ਦਾ ਸਾਮਾਨ ਵਰਗੀਆਂ ਰੋਜ਼ਾਨਾ ਵਰਤੋਂ ਹੋਣ ਵਾਲੀਆਂ ਚੀਜ਼ਾਂ ਦੀ ਲਾਗਤ ਘੱਟ ਕਰਾਂਗੀ।’’ ਹੈਰਿਸ ਨੇ ਟ੍ਰੰਪ ’ਤੇ ਨਿਸ਼ਾਨੇ ਵਿੰਨਦੇ ਹੋਏ ਕਿਹਾ ਕਿ ਉਹ ਮੱਧ ਵਰਗ ਲਈ ਨਹੀਂ ਸਗੋਂ ਆਪਣੇ ਅਤੇ ਆਪਣੇ ਅਰਬਪਤੀ ਦੋਸਤਾਂ ਲਈ ਚੋਣਾਂ ਲੜਦੇ ਹਨ। ਉਨ੍ਹਾਂ ਨੇ ਇਮੀਗ੍ਰੇਸ਼ਨ ਪ੍ਰਣਾਲੀ ’ਚ ਸੁਧਾਰ ਦਾ ਵੀ ਸੱਦਾ ਦਿੱਤਾ।