ਇਟਲੀ ''ਚ ਕੋਰੋਨਾ ਦੇ ਇਕ ਦਿਨ ''ਚ 28,632 ਨਵੇਂ ਮਾਮਲੇ ਆਏ ਸਾਹਮਣੇ
Saturday, Dec 18, 2021 - 08:28 PM (IST)
ਰੋਮ (ਦਲਵੀਰ ਕੈਂਥ) ਕਦੇਂ ਸਮਾਂ ਹੁੰਦਾ ਸੀ ਕਿ ਯੂਰਪੀਅਨ ਲੋਕ ਕ੍ਰਿਸਮਸ ਮੌਕੇ ਸੋਚਦੇ ਹੁੰਦੇ ਸਨ ਕਿ ਇਸ ਵਾਰ ਕ੍ਰਿਸਮਸ ਕਿੱਥੇ ਤੇ ਕਿਸ ਤਰ੍ਹਾਂ ਮਨਾਈ ਜਾਵੇ ਅਤੇ ਹੁਣ ਕੋਵਿਡ-19 ਦੇ ਝੰਬੇ ਹੋਏ ਇਹ ਲੋਕ ਸੋਚਣ ਲਈ ਮਜਬੂਰ ਹਨ ਕਿ ਇਸ ਵਾਰ ਕ੍ਰਿਸਮਸ ਮੌਕੇ ਕਿਤੇ ਕੋਵਿਡ-19 ਦੇ ਸ਼ਿਕਾਰ ਨਾ ਹੋ ਜਾਈਏ। ਇਸ ਲਈ ਜਿਨ੍ਹਾਂ ਹੋ ਸਕੇ ਆਪਣਾ ਬਚਾਅ ਕਰੋ। ਲਗਭਗ ਦੋ ਸਾਲ ਦਾ ਸਮਾਂ ਬੀਤ ਚੱਲਾ ਹੈ ਕੋਵਿਡ-19 ਨਾਮ ਦੀ ਜ਼ਹਿਮਤ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਇਸ ਕੁਦਰਤੀ ਕਹਿਰ ਨੇ ਹੁਣ ਤੱਕ ਪੂਰੀ ਦੁਨੀਆ 'ਚ ਲੱਖਾਂ ਲੋਕਾਂ ਨੂੰ ਮੌਤ ਦੀ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ। ਇਟਲੀ ਦੇਸ਼ ਦੁਨੀਆ ਦਾ ਦੂਜਾ ਅਤੇ ਯੂਰਪ ਦਾ ਪਹਿਲਾ ਦੇਸ਼ ਸੀ ਜਿਸ ਨੂੰ ਸਭ ਤੋਂ ਵੱਧ ਇਸ ਮਹਾਂਮਾਰੀ ਦੇ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ ਸੀ। ਕੋਵਿਡ-19 ਦੇ ਬਦਲ ਰਹੇ ਰੂਪ ਨਿੱਤ ਲੋਕਾਂ ਦੀ ਜਾਨ ਦਾ ਖੋਅ ਬਣ ਰਹੇ ਹਨ ਅਤੇ ਹੁਣ ਕੋਵਿਡ-19 ਦਾ ਨਵਾਂ ਰੂਪ ਓਮੀਕ੍ਰੋਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮਿਸਰ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਜਿਸ ਕਾਰਨ ਪੂਰੇ ਵਿਸ਼ਵ 'ਚ ਮਾਹੌਲ ਉਲਝਦਾ ਜਾ ਰਿਹਾ ਹੈ। ਭਾਵੇਂ ਬਹੁਤੇ ਮੁਲਕਾਂ 'ਚ ਐਂਟੀ ਕੋਵਿਡ-19 ਵਿਸ਼ੇਸ਼ ਦਵਾਈ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਓਮੀਕ੍ਰੋਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਜੇ ਗੱਲ ਇਟਲੀ ਦੀ ਕਰੀਏ ਤਾਂ ਇੱਥੇ ਹੁਣ ਤੱਕ 80 ਫੀਸਦੀ ਤੋਂ ਉਪਰ ਲੋਕਾਂ ਨੇ ਐਂਟੀ-ਕੋਵਿਡ ਵੈਕਸੀਨ ਲਵਾ ਲਈ ਹੈ। ਪਹਿਲੀ ਤੋਂ ਬਾਅਦ ਦੂਜੀ ਅਤੇ ਹੁਣ ਤੀਸਰੀ ਖ਼ੁਰਾਕ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਕੋਰੋਨਾ ਮਹਾਮਾਰੀ ਦੇ ਆਏ ਦਿਨ ਨਵੇਂ ਕੇਸਾਂ 'ਚ ਵਾਧਾ ਹੋਣਾ ਜਿੱਥੇ ਇੱਕ ਸਵਾਲੀਆ ਨਿਸ਼ਾਨ ਬਣ ਰਿਹਾ ਹੈ ਉੱਥੇ ਲੋਕਾਂ ਨੂੰ ਦੰਦਾਂ ਹੇਠ ਜੀਭ ਲੈਣ ਲਈ ਵੀ ਮਜਬੂਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਇਟਲੀ ਦੇ ਮਿਲਾਨ 'ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
ਅਜਿਹੀ ਸਥਿਤੀ 'ਚ ਇਟਲੀ ਸਰਕਾਰ ਵੱਲੋਂ ਕੋਰੋਨਾ ਜਾਂ ਓਮੀਕ੍ਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਦੇਸ਼ ਦੇ ਸਿਹਤ ਮੰਤਰੀ ਰੋਬੇਂਰਤੋ ਸੰਪਰੈਂਜਾ ਨੇ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਦੇਸ਼ ਦੇ ਚਾਰ ਸੂਬਿਆਂ ਨੂੰ ਜਿਨ੍ਹਾਂ 'ਚ ਬਹੁਤ ਨਵੇਂ ਕੇਸ ਦਰਜ ਹੋ ਰਹੇ ਹਨ ਜਿਵੇਂ ਲਗੂਰੀਆ, ਮਾਰਚੇ, ਤਰੈਂਨਤੋ ਅਤੇ ਵੈਨੈਂਤੋ ਸੂਬਿਆਂ ਨੂੰ 20 ਦਸੰਬਰ ਸੋਮਵਾਰ ਤੋਂ ਪੀਲੇ ਰੰਗ ਦੇ ਜ਼ੋਨ 'ਚ ਤਬਦੀਲ ਕਰਨਾ ਦਾ ਫ਼ੈਸਲਾ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਮਾਹਿਰਾਂ ਵਲੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਟਲੀ ਸਰਕਾਰ ਕ੍ਰਿਸਮਸ ਦੇ ਤਿਉਹਾਰ ਤੋ ਪਹਿਲਾਂ ਕੋਈ ਨਾ ਕੋਈ ਫ਼ੈਸਲਾ ਜ਼ਰੂਰ ਲਵੇਗੀ ਜਿਸ ਕਾਰਨ ਕ੍ਰਿਸਮਸ ਦੇ ਤਿਉਹਾਰ 'ਤੇ ਲੋਕਾਂ ਦੇ ਹੋਣ ਵਾਲੇ ਭਾਰੀ ਇੱਕਠ ਨੂੰ ਰੋਕਿਆ ਜਾ ਸਕੇ। ਇਟਲੀ 'ਚ ਕੋਰੋਨਾ-19 ਨਾਲ ਹੁਣ ਤੱਕ 135,421 ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਵਾਉਣੀਆ ਪਾਈਆਂ ਹਨ ਅਤੇ 17 ਦਸੰਬਰ ਨੂੰ 28,632 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਇੱਕ ਦਿਨ 'ਚ 120 ਲੋਕਾਂ ਦੀ ਮੌਤ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ : ਯੂਰਪ 'ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ
ਦੱਸਣਯੋਗ ਹੈ ਇਟਲੀ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਇਸ ਮਹਾਮਾਰੀ ਅਤੇ ਓਮੀਕ੍ਰੋਨ ਦੇ ਪ੍ਰਭਾਵ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸ਼ਾਇਦ ਤਾਂ ਹੀ ਸਰਕਾਰ ਵੱਲੋਂ ਨਵੇਂ ਨਿਯਮਾਂ ਤਹਿਤ 4 ਸੂਬਿਆਂ ਨੂੰ ਪੀਲੇ ਰੰਗ ਦੇ ਜ਼ੋਨ (ਭਾਵ ਕੁਝ ਹੱਦ ਤੱਕ ਖਤਰਾ) 'ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਇਟਲੀ ਵਾਸੀਆਂ ਵੱਲੋਂ ਕਿ ਜਵਾਬ ਆਵੇਗਾ ਕਿਉਂਕਿ ਇਟਲੀ ਦੇ ਵਾਸੀਆਂ ਵੱਲੋਂ ਪਹਿਲਾਂ ਹੀ ਗ੍ਰੀਨ ਪਾਸ, ਐਂਟੀ ਕੋਵਿਡ ਵੈਕਸੀਨ ਅਤੇ ਤਾਲਾਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬੀਤੇ ਸਮੇਂ 'ਚ ਇਟਲੀ ਦੇ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਇਟਲੀ ਸਰਕਾਰ ਵਲੋਂ ਦੇਸ਼ ਦੇ ਹਾਲਤਾਂ ਨੂੰ ਦੇਖਦਿਆਂ ਹੋਇਆ ਐਮਰਜੈਂਸੀ ਨੂੰ ਵਧਾ ਕੇ 31 ਮਾਰਚ 2022 ਤੱਕ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਇਸ ਵਾਰ ਫਿਰ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਰੈਸਟੋਰੈਂਟਾਂ ਅਤੇ ਕਾਰੋਬਾਰੀਆਂ ਨੂੰ ਗਾਹਕਾਂ ਦੀ ਅਣਹੋਂਦ ਕਾਰਨ ਲੱਖਾਂ ਦਾ ਘਾਟਾ ਪਵੇਗਾ ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।