ਭਾਰਤ 'ਚ ਘਟੀਆ ਬਾਲਣ ਦੇ ਸੰਪਰਕ 'ਚ ਆਉਣ ਨਾਲ ਹਰ 1,000 'ਚੋਂ 27 ਬੱਚਿਆਂ ਦੀ ਮੌਤ
Tuesday, Jul 09, 2024 - 04:07 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤ ਵਿਚ ਹਰ 1,000 ਵਿੱਚੋਂ 27 ਨਿਆਣਿਆਂ ਅਤੇ ਬੱਚਿਆਂ ਦੀ ਮੌਤ ਘਟੀਆ ਖਾਣਾ ਪਕਾਉਣ ਵਾਲੇ ਬਾਲਣ ਦੇ ਸੰਪਰਕ ਵਿਚ ਆਉਣ ਕਾਰਨ ਹੁੰਦੀ ਹੈ। ਇਹ ਗੱਲ ਅਮਰੀਕਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ ਵਿੱਚ ਕਹੀ ਗਈ ਹੈ। ਕਾਰਨੇਲ ਯੂਨੀਵਰਸਿਟੀ ਵਿਚ ਚਾਰਲਸ ਐਚ. ਡਾਇਸਨ ਸਕੂਲ ਆਫ ਅਪਲਾਈਡ ਇਕਨਾਮਿਕਸ ਐਂਡ ਮੈਨੇਜਮੈਂਟ ਦੇ ਪ੍ਰੋਫੈਸਰ ਅਰਨਬ ਬਾਸੂ ਸਮੇਤ ਲੇਖਕਾਂ ਨੇ 'ਖਾਣਾ ਪਕਾਉਣ ਦੌਰਾਨ ਬਾਲਣ ਦੇ ਵਿਕਲਪ ਅਤੇ ਭਾਰਤ ਵਿਚ ਬਾਲ ਮੌਤ ਦਰ' ਸਿਰਲੇਖ ਵਾਲੀ ਰਿਪੋਰਟ ਵਿੱਚ 1992 ਤੋਂ 2016 ਤੱਕ ਵੱਡੇ ਪੱਧਰ 'ਤੇ ਰਿਹਾਇਸ਼ੀ ਸਰਵੇਖਣ ਡਾਟਾ ਵਰਤਿਆ ਹੈ। ਡਾਟਾ ਦੀ ਵਰਤੋਂ ਇਹ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਇਨ੍ਹਾਂ ਪ੍ਰਦੂਸ਼ਣਕਾਰੀ ਈਂਧਨਾਂ ਦਾ ਮਨੁੱਖੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ।
ਇਹ ਪਾਇਆ ਗਿਆ ਕਿ ਇਸਦਾ ਇੱਕ ਮਹੀਨੇ ਤੱਕ ਦੀ ਉਮਰ ਦੇ ਬੱਚਿਆਂ 'ਤੇ ਸਭ ਤੋਂ ਵੱਧ ਅਸਰ ਪਿਆ। ਬਾਸੂ ਨੇ ਕਿਹਾ ਕਿ ਇਹ ਇੱਕ ਉਮਰ ਵਰਗ ਹੈ ਜਿਸ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ ਹਨ ਅਤੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਆਪਣੀਆਂ ਮਾਵਾਂ ਦੀ ਗੋਦੀ ਵਿੱਚ ਬਿਤਾਉਂਦੇ ਹਨ, ਜੋ ਅਕਸਰ ਘਰ ਵਿੱਚ ਮੁੱਖ ਰਸੋਈਏ ਹੁੰਦੀਆਂ ਹਨ। ਰਿਪੋਰਟਾਂ ਅਨੁਸਾਰ ਭਾਰਤ ਵਿੱਚ ਹਰ 1,000 ਵਿੱਚੋਂ 27 ਨਿਆਣਿਆਂ ਅਤੇ ਬੱਚਿਆਂ ਦੀ ਮੌਤ ਘਟੀਆ ਖਾਣਾ ਪਕਾਉਣ ਵਾਲੇ ਬਾਲਣ ਦੇ ਸੰਪਰਕ ਵਿੱਚ ਆਉਣ ਕਾਰਨ ਹੁੰਦੀ ਹੈ। ਬਾਸੂ ਨੇ ਕਿਹਾ ਕਿ ਭਾਰਤੀ ਘਰਾਂ ਵਿੱਚ ਇਸ ਕਾਰਨ ਮੁੰਡਿਆਂ ਨਾਲੋਂ ਵੱਧ ਕੁੜੀਆਂ ਮਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਨਹੀਂ ਹੈ ਕਿ ਕੁੜੀਆਂ ਜ਼ਿਆਦਾ ਨਾਜ਼ੁਕ ਜਾਂ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ, ਸਗੋਂ ਇਸ ਲਈ ਕਿਉਂਕਿ ਭਾਰਤ 'ਚ ਪੁੱਤਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਅਤੇ ਜਦੋਂ ਕੋਈ ਧੀ ਬੀਮਾਰ ਹੋ ਜਾਂਦੀ ਹੈ ਜਾਂ ਉਸ ਨੂੰ ਖੰਘ ਸ਼ੁਰੂ ਹੁੰਦੀ ਹੈ ਤਾਂ ਪਰਿਵਾਰ ਉਸ ਦੇ ਇਲਾਜ 'ਤੇ ਸਹੀ ਧਿਆਨ ਨਹੀਂ ਦਿੰਦਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਹੁਣ ਵੈਂਡਿੰਗ ਮਸ਼ੀਨਾਂ ਤੋਂ ਮਿਲ ਰਹੀਆਂ ਬੰਦੂਕ ਦੀਆਂ ਗੋਲੀਆਂ
ਬਾਸੂ ਨੇ ਯੂਨੀਵਰਸਿਟੀ ਦੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ,"ਸਵੱਛ ਈਂਧਨ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਬੱਚਿਆਂ ਦੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਗੋਂ ਧੀਆਂ ਦੀ ਅਣਦੇਖੀ ਨੂੰ ਵੀ ਘਟਾਇਆ ਜਾਵੇਗਾ।" ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਅਨੁਸਾਰ ਲਗਭਗ ਇੱਕ ਪ੍ਰਤੀਸ਼ਤ ਦੁਨੀਆ ਦੀ ਇੱਕ ਤਿਹਾਈ ਆਬਾਦੀ ਚੂਲ੍ਹਿਆਂ ਜਾਂ ਸਟੋਵ 'ਤੇ ਭੋਜਨ ਪਕਾਉਂਦੀ ਹੈ, ਜਿਸ ਵਿਚ ਬਾਲਣ ਵਜੋਂ ਲੱਕੜ, ਗੋਹੇ ਨਾਲ ਬਣੀ ਪਾਥੀ ਜਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਵਰਤੀ ਜਾਂਦੀ ਹੈ, ਜਿਸ ਨਾਲ ਹਰ ਸਾਲ ਦੁਨੀਆ ਭਰ ਵਿੱਚ 3.2 ਮਿਲੀਅਨ ਲੋਕ ਮਾਰੇ ਜਾਂਦੇ ਹਨ। ਬਾਸੂ ਨੇ ਕਿਹਾ ਕਿ ਬਦਲਾਅ ਲਿਆਉਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ,"ਜ਼ਿਆਦਾਤਰ ਧਿਆਨ ਬਾਹਰੀ ਹਵਾ ਪ੍ਰਦੂਸ਼ਣ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਕੇਂਦਰਿਤ ਹੈ।" ਸਰਕਾਰਾਂ ਪਰਾਲੀ ਸਾੜਨ ਵਿਰੁੱਧ ਕਾਨੂੰਨ ਬਣਾ ਸਕਦੀਆਂ ਹਨ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਲਈ ਅਗਾਊਂ ਭੁਗਤਾਨ ਕਰ ਸਕਦੀਆਂ ਹਨ।'' ਰਿਪੋਰਟ ਸੁਝਾਅ ਦਿੰਦੀ ਹੈ ਕਿ ਘਰ ਦੇ ਅੰਦਰਲੇ ਪ੍ਰਦੂਸ਼ਣ ਨਾਲ ਨਜਿੱਠਣਾ ਵੀ ਉਨਾ ਹੀ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਹੋਰ ਕਾਰਕਾਂ ਦੇ ਇਲਾਵਾ ਖੇਤਰੀ ਖੇਤੀਬਾੜੀ ਜ਼ਮੀਨ ਦੀ ਮਾਲਕੀ ਅਤੇ ਜੰਗਲੀ ਖੇਤਰ, ਘਰੇਲੂ ਵਿਸ਼ੇਸ਼ਤਾਵਾਂ ਅਤੇ ਪਰਿਵਾਰਕ ਬਣਤਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।