ਅਫਗਾਨਿਸਤਾਨ ’ਚ ਸੰਸਦੀ ਚੋਣਾਂ ਦੌਰਾਨ ਧਮਾਕੇ, 170 ਮਰੇ
Saturday, Oct 20, 2018 - 09:41 PM (IST)

ਕਾਬੁਲ, (ਯੂ. ਐੱਨ. ਆਈ.)–ਅਫਗਾਨਿਸਤਾਨ ’ਚ 8 ਸਾਲ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਹੋਈਆਂ ਸੰਸਦੀ ਚੋਣਾਂ ਦੌਰਾਨ 2 ਤੋਂ ਵੱਧ ਥਾਵਾਂ ’ਤੇ ਹੋਏ ਧਮਾਕਿਆਂ ਕਾਰਨ ਘੱਟੋ-ਘੱਟ 170 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜੰਗ ਪੀੜਤ ਇਸ ਦੇਸ਼ ਵਿਚ ਚੋਣਾਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ।
ਇਟਲੀ ਦੇ ਇਕ ਗੈਰ-ਸਰਕਾਰੀ ਸੰਗਠਨ ਨੇ ਇਨ੍ਹਾਂ ਹਮਲਿਆਂ ਵਿਚ ਉਕਤ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਘੱਟੋ-ਘੱਟ 3 ਪੋਲਿੰਗ ਕੇਂਦਰਾਂ ’ਤੇ ਹਮਲੇ ਹੋਏ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਹਮਲਿਆਂ ਦੇ ਬਾਵਜੂਦ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦਾ ਅੱਤਵਾਦੀਆਂ ਦਾ ਮਨਸੂਬਾ ਸਫਲ ਨਹੀਂ ਹੋਇਆ। ਲੋਕ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਘਰਾਂ ਵਿਚੋਂ ਨਿਕਲੇ। ਧਮਾਕੇ ਪਿੱਛੋਂ ਰਾਜਧਾਨੀ ਦੇ ਉੱਤਰ ’ਚ ਸਥਿਤ ਇਕ ਸਕੂਲ ਵਿਚੋਂ ਵੋਟਰਾਂ ਨੂੰ ਭੱਜਦੇ ਵੇਖਿਆ ਗਿਆ। ਭਾਰੀ ਸੁਰੱਖਿਆ ਅਤੇ ਪੋਲਿੰਗ ਵਿਚ ਗੜਬੜ ਦੇ ਡਰ ਦਰਮਿਆਨ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ।
ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪੋਲਿੰਗ ਦੇ ਸ਼ੁਰੂ ਹੁੰਦਿਆਂ ਹੀ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਉਸ ਤੋਂ ਬਾਅਦ ਟੀ. ਵੀ. ’ਤੇ ਉਨ੍ਹਾਂ ਆਪਣੇ ਇਕ ਪ੍ਰਸਾਰਣ ਦੌਰਾਨ ਲੋਕਾਂ ਨੂੰ ਚੋਣਾਂ ਲਈ ਵਧਾਈ ਦਿੱਤੀ। ਨਾਲ ਹੀ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਵੋਟਾਂ ਪੁਆਉਣ ਲਈ ਆਧਾਰ ਤਿਆਰ ਕਰਨ ਲਈ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਸ਼ਲਾਘਾ ਕੀਤੀ। ਆਜ਼ਾਦ ਚੋਣ ਕਮਿਸ਼ਨ ਮੁਤਾਬਕ ਦੇਸ਼ ਵਿਚ 88 ਲੱਖ ਰਜਿਸਟਰਡ ਵੋਟਰ ਹਨ। ਨਾਟੋ ਵਲੋਂ 2014 ਵਿਚ ਅੱਤਵਾਦ ਰੋਕੂ ਮੁਹਿੰਮ ਖਤਮ ਹੋਣ ਪਿੱਛੋਂ ਪਹਿਲੀ ਵਾਰ ਦੇਸ਼ ਵਿਚ ਵੋਟਾਂ ਪਈਆਂ। ਵੋਟਾਂ ਦਾ ਪੈਣ ਦਾ ਕੰਮ ਸ਼ਾਮ 4 ਵਜੇ ਖਤਮ ਹੋ ਗਿਆ।