ਇਮਰਾਨ ਨੇ ਫੋਨ ''ਤੇ ਟਰੰਪ ਨਾਲ ਕਸ਼ਮੀਰ ਤੇ ਅਫਗਾਨੀ ਮੁੱਦਿਆਂ ''ਤੇ ਕੀਤੀ ਗੱਲਬਾਤ
Friday, Aug 16, 2019 - 11:42 PM (IST)

ਵਾਸ਼ਿੰਗਟਨ/ਇਸਲਾਮਾਬਾਦ - ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਫਗਾਨ 'ਚ ਸ਼ਾਂਤੀ ਸਥਾਪਿਤ ਕਰਨ 'ਤੇ ਵੀ ਚਰਚਾ ਕੀਤੀ। ਖਾਨ ਨੇ ਇਹ ਗੱਲਬਾਤ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਦੇ ਭਾਰਤ ਦੇ ਫੈਸਲੇ 'ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ 'ਚ ਬੈਠਕ ਹੋ ਰਹੀ ਸੀ। ਪਾਕਿਸਤਾਨ ਦੀ ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ ਹੈ।
ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਕਿ ਖਾਨ ਨੇ ਸੰਯੁਕਤ ਰਾਸ਼ਟਰ ਦੇ ਦਫਤਰ 'ਚ ਹੋ ਰਹੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੂੰ ਭਰੋਸੇ 'ਚ ਲਿਆ ਹੈ। ਇਸ ਬੈਠਕ 'ਚ ਕਸ਼ਮੀਰ ਮੁੱਦੇ 'ਤੇ ਚਰਚਾ ਹੋ ਰਹੀ ਹੈ। ਕੁਰੈਸ਼ੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਖਾਨ ਨੇ ਕਸ਼ਮੀਰ ਦੇ ਤਾਜ਼ਾ ਘਟਨਾਕ੍ਰਮ ਅਤੇ ਖੇਤਰੀ ਸ਼ਾਂਤੀ 'ਤੇ ਇਸ ਦੇ ਖਤਰੇ ਦੇ ਸਬੰਧ 'ਚ ਪਾਕਿਸਤਾਨ ਦੀ ਚਿੰਤਾ ਤੋਂ ਜਾਣੂ ਕਰਾ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਆਖਿਆ ਕਿ ਦੋਵੇਂ ਨੇਤਾਵਾਂ ਵਿਚਾਲੇ ਦੋਸਤਾਨਾ ਮਾਹੌਲ 'ਚ ਗੱਲਬਾਤ ਹੋਈ। ਦੋਹਾਂ ਨੇ ਕਸ਼ਮੀਰ ਮੁੱਦੇ 'ਤੇ ਸੰਪਰਕ 'ਚ ਰਹਿਣ 'ਤੇ ਵੀ ਸਹਿਮਤੀ ਜਤਾਈ ਹੈ।