14 ਅਗਸਤ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਇਮਰਾਨ: ਪਾਰਟੀ

Sunday, Jul 29, 2018 - 06:09 PM (IST)

ਇਸਲਾਮਾਬਾਦ— ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਇਮਰਾਨ ਖਾਨ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਾਕਿਸਤਾਨ 'ਚ ਅਗਲੀ ਸਰਕਾਰ ਬਣਾਉਣ ਦੇ ਇਰਾਦੇ ਨਾਲ ਇਮਰਾਨ ਦੀ ਪਾਰਟੀ ਛੋਟੇ ਦਲਾਂ ਤੇ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉਭਰੀ ਹੈ, ਹਾਲਾਂਕਿ ਪਾਰਟੀ ਦੇ ਕੋਲ ਖੁਦ ਦੇ ਦਮ 'ਤੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਨਹੀਂ ਹੈ।
ਪੀ.ਟੀ.ਆਈ. ਦੇ ਨੇਤਾ ਮਈਨੁਲ ਹਕ ਨੇ ਬੀਤੀ ਰਾਤ ਮੀਡੀਆ ਨੂੰ ਦੱਸਿਆ ਕਿ ਬਹੁਮਤ ਹਾਸਲ ਕਰਨ ਲਈ ਗੱਲਬਾਤ ਜਾਰੀ ਹੈ। ਹਕ ਨੇ ਕਿਹਾ ਕਿ ਅਸੀਂ ਆਪਣਾ ਕੰਮ ਕਰ ਲਿਆ ਹੈ ਤੇ ਉਹ (ਇਮਰਾਨ ਖਾਨ) 14 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਾਕਿਸਤਾਨ ਚੋਣ ਕਮਿਸ਼ਨ ਵਲੋਂ ਐਲਾਨ ਪੂਰੇ ਸੰਸਦੀ ਨਤੀਜਿਆਂ ਦੇ ਮੁਤਾਬਕ ਪੀ.ਟੀ.ਆਈ. ਨੂੰ 116 ਆਮ ਸੀਟਾਂ ਮਿਲੀਆਂ ਹਨ। ਪੀ.ਐੱਮ.ਐੱਲ.-ਐੱਨ. ਤੇ ਪੀ.ਪੀ.ਪੀ. ਨੂੰ ਲੜੀਵਾਰ 64 ਤੇ 43 ਸੀਟਾਂ ਮਿਲੀਆਂ ਹਨ। ਸੰਸਦ ਦੇ ਹੇਠਲੇ ਸਦਨ 'ਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਕੁੱਲ 342 ਮੈਂਬਰ ਹਨ, ਜਿਨ੍ਹਾਂ 'ਚੋਂ 272 ਸੀਟਾਂ 'ਤੇ ਚੋਣ ਸਿੱਧੇ ਤੌਰ 'ਤੇ ਹੁੰਦੀ ਹੈ। ਸਰਕਾਰ ਦਾ ਗਠਨ ਕਰਨ ਲਈ 172 ਸੀਟਾਂ ਹਾਸਲ ਕਰਨੀਆਂ ਲਾਜ਼ਮੀ ਹਨ।
ਫਿਲਹਾਲ ਸਿਆਸੀ ਗਤੀਵਿਧੀਆਂ 'ਚ ਤੇਜ਼ੀ ਆਈ ਹੈ ਤੇ ਸਾਰੇ ਸਿਆਸੀ ਦਲ ਬਹੁਮਤ ਹਾਸਲ ਕਰਨ ਲਈ ਖੁੱਲ੍ਹੇ 'ਚ ਬੈਠਕਾਂ ਤੇ ਗੁਪਤ ਗੱਲਬਾਤ ਕਰ ਰਹੇ ਹਨ। ਪਾਕਿਸਤਾਨ ਦੀ ਅਖਬਾਰ ਡਾਨ ਦੇ ਮੁਤਾਬਕ ਪਾਕਿਸਤਾਨ ਦੀਆਂ ਦੋ ਪ੍ਰਮੁੱਖ ਪਾਰਟੀਆਂ ਪਾਕਿਸਤਾਨ ਪੀਪਲਸ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੰਸਦ 'ਚ ਪੀ.ਟੀ.ਆਈ. ਨੂੰ ਸਖਤ ਟੱਕਰ ਦੇਣ ਦੇ ਇਰਾਦੇ ਨਾਲ ਸੰਯੁਕਤ ਰਣਨੀਤੀ ਬਣਾਉਣ ਲਈ ਆਉਣ ਵਾਲੇ ਦਿਨਾਂ 'ਚ ਬੈਠਕ ਕਰ ਸਕਦੀਆਂ ਹਨ।


Related News