ਮੁਸ਼ਕਿਲਾਂ ''ਚ ਘਿਰੇ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਰਾਹਤ, ਇਨ੍ਹਾਂ ਮਾਮਲਿਆਂ ''ਚ ਮਿਲੀ ਜ਼ਮਾਨਤ
Friday, Mar 17, 2023 - 10:56 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਹਤ ਦਿੰਦਿਆਂ ਲਾਹੌਰ ਹਾਈਕੋਰਟ ਨੇ ਸ਼ੁੱਕਰਵਾਰ ਉਨ੍ਹਾਂ ਨੂੰ ਅੱਤਵਾਦ ਦੇ 8 ਮਾਮਲਿਆਂ ਅਤੇ ਇਕ ਸਿਵਲ ਕੇਸ ਵਿੱਚ ਸੁਰੱਖਿਆਤਮਕ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਖਾਨ ਨੂੰ ਇਹ ਰਾਹਤ ਉਸ ਸਮੇਂ ਦਿੱਤੀ ਜਦੋਂ ਇਕ ਹੋਰ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਉਨ੍ਹਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ 18 ਮਾਰਚ ਤੱਕ ਮੁਲਤਵੀ ਕਰ ਦਿੱਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖਾਨ (70) ਬੁਲੇਟਪਰੂਫ ਗੱਡੀ ਵਿੱਚ ਲਾਹੌਰ ਪਹੁੰਚੇ ਅਤੇ 9 ਮਾਮਲਿਆਂ 'ਚ ਸੁਰੱਖਿਆਤਮਕ ਜ਼ਮਾਨਤ ਦੀ ਮੰਗ ਕਰਨ ਲਈ ਹਾਈਕੋਰਟ ਵਿੱਚ ਪੇਸ਼ ਹੋਏ।
ਇਹ ਵੀ ਪੜ੍ਹੋ : ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ
ਜੀਓ ਟੀਵੀ ਦੇ ਮੁਤਾਬਕ ਜਸਟਿਸ ਤਾਰਿਕ ਸਲੀਮ ਅਤੇ ਜਸਟਿਸ ਫਾਰੂਕ ਹੈਦਰ 'ਤੇ ਆਧਾਰਿਤ ਹਾਈਕੋਰਟ ਦੀ ਬੈਂਚ ਨੇ ਇਮਰਾਨ ਵੱਲੋਂ ਅੱਤਵਾਦ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸਾਂ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀਟੀਆਈ ਮੁਖੀ ਨੂੰ ਇਸਲਾਮਾਬਾਦ ਵਿੱਚ ਦਰਜ 5 ਮਾਮਲਿਆਂ ਵਿੱਚ ਅਦਾਲਤ ਨੇ 24 ਮਾਰਚ ਤੱਕ ਅਤੇ ਲਾਹੌਰ 'ਚ ਦਰਜ 3 ਹੋਰ ਮਾਮਲਿਆਂ ਵਿੱਚ 27 ਮਾਰਚ ਤੱਕ ਜ਼ਮਾਨਤ ਦਿੱਤੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਇਸ ਦੌਰਾਨ ਜਸਟਿਸ ਸਲੀਮ ਨੇ ਇਕ ਸਿਵਲ ਕੇਸ ਖ਼ਿਲਾਫ਼ ਇਮਰਾਨ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈਕੋਰਟ ਨੇ ਖਾਨ ਦੇ ਖ਼ਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ 18 ਮਾਰਚ ਤੱਕ ਮੁਲਤਵੀ ਕਰ ਦਿੱਤਾ ਸੀ, ਜਿਸ ਨਾਲ ਉਨ੍ਹਾਂ ਨੂੰ ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਕਰ ਰਹੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Nepal: ਰਾਮ ਸਹਾਏ ਯਾਦਵ ਬਣੇ ਨੇਪਾਲ ਦੇ ਨਵੇਂ ਉਪ ਰਾਸ਼ਟਰਪਤੀ, ਵੋਟਾਂ ਦੇ ਵੱਡੇ ਫਰਕ ਨਾਲ ਦਰਜ ਕੀਤੀ ਜਿੱਤ
ਲਾਹੌਰ ਦੇ ਇਕ ਪੌਸ਼ ਇਲਾਕੇ ਜ਼ਮਾਨ ਪਾਰਕ ਵਿੱਚ ਖਾਨ ਦੀ ਰਿਹਾਇਸ਼ ਨੇੜੇ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ, ਜਿੱਥੇ ਹਾਈਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕਾਂ ਅਤੇ ਪੰਜਾਬ ਪੁਲਸ ਵਿਚਕਾਰ 2 ਦਿਨਾਂ ਤੱਕ ਭਿਆਨਕ ਝੜਪਾਂ ਹੋਈਆਂ। ਅਦਾਲਤ ਦੇ ਦਖਲ ਤੋਂ ਬਾਅਦ ਬੁੱਧਵਾਰ ਨੂੰ ਸੰਘਰਸ਼ ਸਮਾਪਤ ਹੋਇਆ ਸੀ। ਖ਼ਾਨ ਤੋਹਫ਼ਿਆਂ ਨੂੰ ਖਰੀਦਣ ਨੂੰ ਲੈ ਕੇ ਵਿਵਾਦਾਂ ਵਿੱਚ ਰਹੇ ਹਨ, ਜਿਸ ਵਿੱਚ ਇਕ ਮਹਿੰਗੀ ਗ੍ਰਾਫ਼ ਗੁੱਟ ਘੜੀ ਵੀ ਸ਼ਾਮਲ ਹੈ, ਜੋ ਉਨ੍ਹਾਂ ਨੇ ਤੋਸ਼ਾਖਾਨਾ ਤੋਂ ਰਿਆਇਤੀ ਕੀਮਤ 'ਤੇ ਖਰੀਦੀ ਅਤੇ ਫਿਰ ਮੁਨਾਫੇ ਲਈ ਵੇਚ ਦਿੱਤੀ ਸੀ।
ਇਹ ਵੀ ਪੜ੍ਹੋ : ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ
ਉਨ੍ਹਾਂ ਨੂੰ ਇਹ ਘੜੀ ਪ੍ਰਧਾਨ ਮੰਤਰੀ ਹੁੰਦਿਆਂ ਤੋਹਫ਼ੇ ਵਜੋਂ ਮਿਲੀ ਸੀ, ਜੋ ਤੋਸ਼ਾਖਾਨੇ ਵਿੱਚ ਰੱਖੀ ਗਈ ਸੀ। ਸਾਲ 1974 ਵਿੱਚ ਸਥਾਪਿਤ ਤੋਸ਼ਾਖਾਨਾ ਕੈਬਨਿਟ ਡਵੀਜ਼ਨ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਇਕ ਵਿਭਾਗ ਹੈ। ਤੋਸ਼ਾਖਾਨਾ 'ਚ ਪਾਕਿਸਤਾਨੀ ਸ਼ਾਸਕਾਂ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਅਤੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਅਧਿਕਾਰੀਆਂ, ਰਾਜਾਂ ਦੇ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਦੁਆਰਾ ਪ੍ਰਾਪਤ ਕੀਮਤੀ ਤੋਹਫ਼ਿਆਂ ਨੂੰ ਸਟੋਰ ਕੀਤਾ ਜਾਂਦਾ ਹੈ। ਇਮਰਾਨ ਖਾਨ ਨੂੰ ਪਿਛਲੇ ਸਾਲ ਅਕਤੂਬਰ 'ਚ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵਿਕਰੀ ਦੇ ਵੇਰਵੇ ਸਾਂਝੇ ਨਾ ਕਰਨ 'ਤੇ ਅਯੋਗ ਕਰਾਰ ਦਿੱਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।