ਇਕ ਰਿਕਸ਼ੇ ’ਚ ਆ ਜਾਵੇਗੀ ਇਮਰਾਨ ਦੀ ਪੂਰੀ ਪਾਰਟੀ : ਮਰੀਅਮ
Tuesday, Jun 13, 2023 - 05:34 PM (IST)
ਲਾਹੌਰ (ਏਜੰਸੀ)- ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਸੀਨੀਅਰ ਨੇਤਾ ਮਰੀਅਮ ਨਵਾਜ਼ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਪਾਕਿਸਤਾਨ ਦੀ ਮੁੱਖ ਵਿਰੋਧੀ ਪਾਰਟੀ ਤੋਂ ਵੱਡੇ ਪੱਧਰ ’ਤੇ ਦਲ-ਬਦਲੀ ਤੋਂ ਬਾਅਦ ਬੇਦਖ਼ਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੂਰੀ ਪਾਰਟੀ ਹੁਣ ਇਕ ਰਿਕਸ਼ੇ ’ਚ ਸਮਾ ਸਕਦੀ ਹੈ।
ਮਰੀਅਮ ਨੇ ਐਤਵਾਰ ਨੂੰ ਪੰਜਾਬ ਸੂਬੇ ਦੇ ਸ਼ੁਜਾਬਾਦ ’ਚ ਕਿਹਾ ਕਿ ਅੱਜ ਉਹ (ਖਾਨ) ਖੁਦ ਪਾਰਟੀ ਦੇ ਪ੍ਰਧਾਨ, ਜਨਰਲ ਸਕੱਤਰ, ਮੁੱਖ ਪ੍ਰਬੰਧਕ ਅਤੇ ਬੁਲਾਰੇ ਹਨ ਅਤੇ ਆਪਣੀ ਪਾਰਟੀ ਦੇ ਇਕਮਾਤਰ ਉਮੀਦਵਾਰ ਵੀ। ਉਨ੍ਹਾਂ ਨੇ ਪਾਕਿਸਤਾਨ 'ਚ ਇਕ ਤਰ੍ਹਾਂ ਦੇ ਰਿਕਸ਼ੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦਲਬਦਲ ਤੋਂ ਬਾਅਦ ਹੁਣ ਪੂਰੀ ਵਿਰੋਧੀ ਪਾਰਟੀ ਕਿੰਗਕੀ ਰਿਕਸ਼ਾ 'ਚ ਫਿਟ ਹੋ ਸਕਦੀ ਹੈ। ਮਰੀਅਮ ਨੇ ਕਿਹਾ ਕਿ ਖਾਨ ਨੇ ਆਪਣੇ 26 ਸਾਲ ਦੇ ਰਾਜਨੀਤਕ ਸੰਘਰਸ਼ ਦੀ ਗੱਲ ਕੀਤੀ ਹੈ। ਮੈਂ ਤੁਹਾਨੂੰ ਦੱਸ ਦੇਵਾਂ, ਉਨ੍ਹਾਂ ਦੇ 26 ਸਾਲ ਦੇ ਲੰਬੇ ਸੰਘਰਸ਼ ਨੂੰ ਖ਼ਤਮ ਹੋਣ 'ਚ ਸਿਰਫ਼ 26 ਮਿੰਟ ਲੱਗੇ। ਹੁਣ ਉਹ ਜਮਾਨ ਪਾਰਕ 'ਚ ਇਕੱਲੇ ਬੈਠਣਗੇ ਅਤੇ ਉਨ੍ਹਾਂ ਨੂੰ ਛੱਡਣ ਵਾਲੇ ਸਾਰੇ ਆਗੂ ਜਿੱਥੋਂ ਆਏ ਸਨ, ਉੱਥੇ ਚੱਲੇ ਗਏ।