ਖ਼ਤਰੇ ''ਚ ਇਮਰਾਨ ਦੀ ਕੁਰਸੀ ! ਵਿਰੋਧੀ ਧਿਰ ਨੇ ਬੇਭਰੋਸਗੀ ਮਤੇ ਦੀਆਂ ਤਿਆਰੀਆਂ ਕੀਤੀਆਂ ਤੇਜ਼

Tuesday, Feb 15, 2022 - 05:29 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਸਿਆਸੀ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵਿਰੋਧੀ ਧਿਰ ਨੇ ਇਮਰਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਪ੍ਰਧਾਨਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਪੂਰੀ ਵਿਰੋਧੀ ਧਿਰ ਇਕ ਜੁਟ ਹੋ ਗਈ ਹੈ। ਵਿਰੋਧੀ ਧਿਰ ਪੀ. ਡੀ. ਐੱਮ. ਨੇ ਬੇਭਰੋਸਗੀ ਮਤੇ ਦੀ ਤਿਆਰੀ ਵੀ ਕਰ ਲਈ ਹੈ ਜਿਸ ਨਾਲ ਇਮਰਾਨ ਦੀ ਕੁਰਸੀ ਖ਼ਤਰੇ 'ਚ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਪਾਕਿਸਤਾਨ ਦੀ 342 ਮੈਂਬਰਾਂ ਵਾਲੀ ਸੰਸਦ 'ਚ ਸੱਤਾ ਪੱਖ ਤੇ ਵਿਰੋਧੀ ਧਿਰ ਦੀ ਕੀ ਸਥਿਤੀ ਹੈ। ਸੰਸਦ 'ਚ ਸੱਤਾ ਪੱਖ ਦੇ 177 ਸਾਂਸਦ ਹਨ। ਇਨ੍ਹਾਂ 'ਚੋਂ 156 ਸਾਂਸਦ ਇਮਰਾਨ ਦੀ ਪਾਰਟੀ ਪੀ. ਟੀ. ਆਈ. ਦੇ ਹਨ। ਬਾਕੀ ਹੋਰ ਸਰਕਾਰ ਦੇ ਸਹਿਯੋਗੀ ਦਲਾਂ ਦੇ ਹਨ।

ਇਹ ਵੀ ਪੜ੍ਹੋ : ਸਰਹੱਦ ਪਾਰ: ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ’ਚ ਈਸਾਈ ਨੌਜਵਾਨ ਦੀ ਭੀੜ ਨੇ ਕੀਤੀ ਹੱਤਿਆ

ਉੱਥੇ ਹੀ ਵਿਰੋਧੀ ਧਿਰ ਦੇ ਖ਼ੇਮੇ 'ਚ 162 ਸਾਂਸਦ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 84 ਸਾਂਸਦ ਨਵਾਜ਼ ਸ਼ਰੀਫ਼ ਦੀ ਪੀ. ਐੱਮ. ਐੱਲ. ਐੱਨ. ਦੇ ਹਨ। ਪ੍ਰੋ. ਹਰਸ਼ ਵੀ. ਪੰਤ ਦਾ ਕਹਿਣਾ ਹੈ ਕਿ ਗਿਣਤੀ ਦੇ ਹਿਸਾਬ ਨਾਲ ਇਮਰਾਨ ਖ਼ਾਨ ਦੀ ਕੁਰਸੀ ਉਦੋਂ ਤਕ ਸੁਰੱਖਿਅਤ ਹੈ, ਜਦੋਂ ਤਕ ਉਸ ਦੇ ਗਠਜੋੜ 'ਚ ਫੁੱਟ ਨਹੀਂ ਪੈਂਦੀ। ਜੇਕਰ ਸਰਕਾਰ ਦੇ ਸਹਿਯੋਗੀ ਦਲ ਇਮਰਾਨ ਨਾਲ ਬਗ਼ਾਵਤ ਕਰਦੇ ਹਨ ਤਾਂ ਇਮਰਾਨ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੋ. ਪੰਤ ਪਾਕਿਸਤਾਨ 'ਚ ਸਿਆਸੀ ਅਸਥਿਰਤਾ ਨੂੰ ਬਹੁਤ ਸ਼ੁੱਭ ਨਹੀਂ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਇਸੇ ਅਸਥਿਰਤਾ ਦਾ ਫ਼ਇਦਾ ਫ਼ੌਜ ਚੁੱਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਥਿਰਤਾ ਜੇਕਰ ਲੰਬੇ ਸਮੇਂ ਤਕ ਚਲੀ ਤਾਂ ਫ਼ੌਜ ਦਾ ਦਖ਼ਲ ਵਧੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਅੜਿੱਕਾ ਲੰਬੇ ਸਮੇਂ ਤਕ ਚਲਿਆ ਤਾਂ ਇਹ ਵੀ ਸੰਭਵ ਹੈ ਕਿ ਸੱਤਾ 'ਤੇ ਫ਼ੌਜ ਦਾ ਕਬਜ਼ਾ ਹੋ ਜਾਵੇ। ਹਾਲਾਂਕਿ, ਫ਼ੌਜ ਅਜੇ ਚੁੱਪ ਹੈ ਤੇ ਸਿਆਸੀ ਗਤੀਵਿਧੀਆਂ 'ਤੇ ਉਸ ਦੀ ਨਜ਼ਰ ਹੈ।

ਇਹ ਵੀ ਪੜ੍ਹੋ : ਜਨਰਲ ਬਾਜਵਾ ਨੇ ਰਾਸ਼ਟਰਪਤੀ ਅਲਵੀ ਅਤੇ ਪੀ.ਐੱਮ. ਇਮਰਾਨ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਜੇਕਰ ਇਮਰਾਨ ਸਰਕਾਰ ਦੇ ਸਹਿਯੋਗੀ ਦਲ ਸਰਕਾਰ ਤੋਂ ਵੱਖ ਹੁੰਦੇ ਹਨ ਤਾਂ ਦੇਸ਼ 'ਚ ਆਮ ਚੋਣਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ। ਪ੍ਰੋ. ਪੰਤ ਦਾ ਕਹਿਣਾ ਹੈ ਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਮਰਾਨ ਸਰਕਾਰ ਦੇ ਸਹਿਯੋਗੀ ਸਿਆਸੀ ਦਲਾਂ ਦਾ ਕੀ ਰੁਖ਼ ਹੁੰਦਾ ਹੈ। ਐੱਮ. ਕਿਊ. ਐੱਮ.- ਪੀ. ਤੇ ਪੀ. ਐੱਮ. ਐੱਲ.- ਕਿਊ. ਦੀ ਸਰਕਾਰ 'ਚ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਨਜ਼ਰਾਂ ਇਨ੍ਹਾਂ ਸਿਆਸੀ ਦਲਾਂ 'ਤੇ ਹੋਣਗੀਆਂ। ਪ੍ਰੋ. ਪੰਤ ਨੇ ਕਿਹਾ ਕਿ ਐੱਮ. ਕਿਊ. ਐੱਮ.-ਪੀ ਦੇ ਕੋਲ ਨੈਸ਼ਨਲ ਅਸੈਂਬਲੀ 'ਚ 7 ਸੀਟਾਂ ਹਨ। ਪੀ. ਐੱਮ. ਐੱਲ. - ਕਿਊ. ਦੇ ਕੋਲ ਪੰਜ ਸੀਟਾਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ 'ਚ ਸ਼ਾਮਲ ਦੋਵੇਂ ਦਲ ਇਮਰਾਨ ਤੋਂ ਵੱਖ ਹੋ ਜਾਂਦੇ ਹਨ ਤਾਂ ਸਰਕਾਰ ਦਾ ਡਿੱਗਣਾ ਤੈਅ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News