ਕੈਨੇਡਾ 'ਚ ਪ੍ਰਵਾਸੀ ਕਾਮੇ ਬੇਘਰ ਹੋਣ ਕੰਢੇ

07/20/2019 8:07:27 PM

ਟੋਰਾਂਟੋ (ਏਜੰਸੀ)- ਕੈਨੇਡਾ ਵਿਚ ਘੱਟ ਕਮਾਈ ਵਾਲੇ ਪ੍ਰਵਾਸੀ ਬੇਘਰ ਹੋਣ ਦੀ ਕਗਾਰ 'ਤੇ ਪੁੱਜ ਗਏ ਹਨ। ਇਸ ਖਤਰਨਾਕ ਰੁਝਾਨ ਦਾ ਮੁੱਖ ਕਾਰਨ ਅਸਮਾਨ ਛੋਹ ਰਹੇ ਮਕਾਨਾਂ ਦੇ ਕਿਰਾਏ ਹਨ ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਉਜਰਤ 'ਤੇ ਕੰਮ ਕਰਨ ਵਾਲਿਆਂ ਲਈ ਹਰ ਮਹੀਨੇ ਕਿਰਾਇਆ ਦੇਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਜ਼ ਵਲੋਂ ਮੁਲਕ ਦੇ ਤਿੰਨ ਦਰਜਨ ਵੱਡੇ ਸ਼ਹਿਰਾਂ ਅਤੇ ਇਨ੍ਹਾਂ ਦੇ ਨਾਲ ਲੱਗਦੇ 800 ਇਲਾਕਿਆਂ ਵਿਚ ਲੋਕਾਂ ਦੀ ਆਮਦਨ ਅਤੇ ਮਕਾਨ ਕਿਰਾਏ ਦੀ ਤੁਲਨਾ ਕੀਤੀ ਗਈ, ਜਿਸ ਮੁਤਾਬਕ 800 ਵਿਚੋਂ ਸਿਰਫ 24 ਇਲਾਕਿਆਂ ਵਿਚ ਹੀ ਮਕਾਨ ਕਿਰਾਇਆ, ਘੱਟ ਕਮਾਈ ਵਾਲੇ ਲੋਕਾਂ ਦੀ ਆਰਥਿਕ ਪਹੁੰਚ ਵਿਚ ਰਹਿ ਗਿਆ ਹੈ, ਜਦੋਂ ਕਿ ਬਾਕੀ ਥਾਵਾਂ 'ਤੇ ਇਕ ਜਾਂ ਦੋ ਕਮਰਿਆਂ ਵਾਲਾ ਅਪਾਰਟਮੈਂਟ ਕਿਰਾਏ 'ਤੇ ਲੈਣਾ ਉਨ੍ਹਾਂ ਦੇ ਵਸ ਤੋਂ ਬਾਹਰ ਹੋ ਚੁੱਕਾ ਹੈ। ਸੀ.ਸੀ.ਪੀ.ਏ. ਦੇ ਆਰਥਿਕ ਮਾਹਰ ਡੇਵਿਡ ਮੈਕਡੋਨਲਡ ਨੇ ਦੱਸਿਆ ਕਿ ਤਕਰੀਬਨ 50 ਲੱਖ ਕੈਨੇਡੀਅਨ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ ਅਤੇ ਇਨ੍ਹਾਂ ਵਾਸਤੇ ਹਰ ਮਹੀਨੇ ਕਿਰਾਇਆ ਅਦਾ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਜਰਤ ਦਰ 'ਤੇ ਕੰਮ ਕਰਨ ਵਾਲਿਆਂ ਉਪਰ ਸਭ ਤੋਂ ਜ਼ਿਆਦਾ ਖਤਰਾ ਮੰਡਰਾਅ ਰਿਹਾ ਹੈ ਕਿਉਂਕਿ ਆਮਦਨ ਦੇ ਮੁਕਾਬਲੇ ਮਕਾਨ ਕਿਰਾਇਆਂ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਸ਼ਹਿਰਾਂ ਦੇ ਹਿਸਾਬ ਨਾਲ ਜ਼ਿਕਰ ਕੀਤਾ ਜਾਵੇ ਤਾਂ ਵੈਨਕੂਵਰ ਵਿਚ ਇਕ ਬੈਡਰੂਮ ਵਾਲਾ ਅਪਾਰਟਮੈਂਟ ਕਿਰਾਏ 'ਤੇ ਲੈਣ ਲਈ ਘੱਟੋ-ਘੱਟ ਉਜਰਤ ਦਰ 'ਤੇ ਕੰਮ ਕਰਨ ਵਾਲੇ ਕਿਰਤੀ ਨੂੰ ਹਰ ਹਫਤੇ 84 ਘੰਟੇ ਮਿਹਨਤ ਕਰਨੀ ਹੋਵੇਗੀ। ਮਤਲਬ ਬਗੈਰ ਕਿਸੇ ਛੁੱਟੀ ਤੋਂ ਪੂਰਾ ਹਫਤਾ 12 ਘੰਟੇ ਕੰਮ ਕਰਕੇ ਹੀ ਉਹ ਮਕਾਨ ਕਿਰਾਇਆ ਅਦਾ ਕਰ ਸਕੇਗਾ। ਟੋਰਾਂਟੋ ਦਾ ਜ਼ਿਕਰ ਕੀਤਾ ਜਾਵੇ ਤਾਂ ਇਕ ਕਿਰਤੀ ਨੂੰ ਹਰ ਹਫਤੇ 79 ਘੰਟੇ ਕੰਮ ਕਰਨਾ ਹੋਵੇਗਾ। ਕਿੰਗਜ਼ਸਟਨ, ਲੰਡਨ, ਵਿੰਡਸਰ, ਕੈਲਗਰੀ, ਓਟਾਵਾ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਵਿਚ ਵੀ ਹਾਲਾਤ ਜ਼ਿਆਦਾ ਸੁਖਾਵੇਂ ਨਹੀਂ ਜਿਥੇਮ ਕਾਨ ਕਿਰਾਇਆ ਅਦਾ ਕਰਨ ਲਈ ਹਫਤੇ ਵਿਚ 70 ਘੰਟੇ ਕੰਮ ਲਾਜ਼ਮੀ ਹੋ ਗਿਆ ਹੈ। ਰੋਜ਼ਾਨਾ 8 ਘੰਟੇ ਜਾਂ ਹਫਤੇ ਵਿਚ 40 ਘੰਟੇ ਕੰਮ ਕਰਕੇ ਮਕਾਨ ਦਾ ਕਿਰਾਇਆ ਅਦਾ ਕਰਨਾ ਹੋਵੇ ਤਾਂ ਸਬੰਧਿਤ ਕਿਰਤੀ ਦੀ ਘੱਟੋ-ਘੱਟ ਕਮਾਈ 26 ਡਾਲਰ ਪ੍ਰਤੀ ਘੰਟਾ ਹੋਣੀ ਲਾਜ਼ਮੀ ਹੈ। ਰਿਪੋਰਟ ਮੁਤਾਬਕ ਕਿਊਬਿਕ ਦੇ ਤਿੰਨ ਸ਼ਹਿਰਾਂ ਸ਼ੇਰਬਰੂਕ, ਸੈਗਨੇ ਅਤੇ ਟ੍ਰੌਇਸ-ਰਿਵੀਅਰਸ ਸ਼ਹਿਰਾਂ ਵਿਚ ਹੀ ਘੱਟ ਕਮਾਈ ਵਾਲੇ ਮਕਾਨ ਕਿਰਾਏ 'ਤੇ ਲੈ ਸਕਦੇ ਹਨ।


Sunny Mehra

Content Editor

Related News