ਦੱਖਣੀ ਕੈਰੋਲੀਨਾ 'ਚ 'ਇਆਨ' ਨੇ ਮਚਾਈ ਤਬਾਹੀ, ਫਲੋਰੀਡਾ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 27
Saturday, Oct 01, 2022 - 11:18 AM (IST)

ਚਾਰਲਸਟਨ (ਭਾਸ਼ਾ): ਫਲੋਰੀਡਾ ਦੇ ਬਾਅਦ ਤੂਫਾਨ ਇਆਨ ਨੇ ਦੱਖਣੀ ਕੈਰੋਲੀਨਾ ਵਿਚ ਇਕ ਵਾਰ ਫਿਰ ਤਬਾਹੀ ਮਚਾਈ, ਜਿਸ ਨਾਲ ਗਲੀਆਂ ਵਿਚ ਪਾਣੀ ਭਰ ਗਿਆ, ਦਰੱਖਤ ਉਖੜ ਗਏ ਅਤੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਇਸ ਤੋਂ ਪਹਿਲਾਂ 'ਇਆਨ' ਕਾਰਨ ਫਲੋਰੀਡਾ 'ਚ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਘੱਟੋ-ਘੱਟ 17 ਲੋਕਾਂ ਦੀ ਜਾਨ ਚਲੀ ਗਈ। ਫਲੋਰੀਡਾ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਕ 22 ਸਾਲਾ ਕੁੜੀ ਜੋ ਸ਼ੁੱਕਰਵਾਰ ਨੂੰ ਸੜਕ 'ਤੇ ਪਾਣੀ ਵਿਚ ਵਹਿ ਜਾਣ ਤੋਂ ਬਾਅਦ ਇਕ ਖਾਈ ਵਿਚ ਡਿੱਗ ਗਈ, ਮਰਨ ਵਾਲਿਆਂ ਵਿਚ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ 833 ਦਿਨ ਦਾ ਇੰਤਜ਼ਾਰ ਤੇ ਚੀਨੀਆਂ ਨੂੰ 2 ਦਿਨ 'ਚ ਵੀਜ਼ਾ? ਸਵਾਲਾਂ ਦੇ ਘੇਰੇ 'ਚ ਬਾਈਡੇਨ ਸਰਕਾਰ
ਇਸ ਤੋਂ ਇਲਾਵਾ ਛੱਤ ਦਾ ਕੁਝ ਹਿੱਸਾ ਸਿਰ 'ਤੇ ਡਿੱਗਣ ਨਾਲ 71 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਆਕਸੀਜਨ ਮਸ਼ੀਨ 'ਤੇ ਨਿਰਭਰ 94 ਸਾਲਾ ਵਿਅਕਤੀ ਦੀ ਵੀ ਬਿਜਲੀ ਦੇ ਕੱਟ ਕਾਰਨ ਮੌਤ ਹੋ ਗਈ। ਇੱਕ 68 ਸਾਲਾ ਔਰਤ ਦੀ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਜਾਣ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਕਿਊਬਾ ਵਿੱਚ ਤੂਫ਼ਾਨ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਨੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ 3,000 ਤੋਂ ਵੱਧ ਘਰਾਂ ਦਾ ਦੌਰਾ ਕੀਤਾ। ਬਚਾਅ ਕਾਰਜ 'ਚ ਲੱਗੇ ਜਵਾਨਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਆਫ਼ਤ ਨਾਲ ਸਬੰਧਤ ਇਕ ਕੰਪਨੀ ਨੇ ਕਿਹਾ ਕਿ ਤੂਫ਼ਾਨ 'ਇਆਨ' ਕਾਰਨ 100 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।