ਮੈਂ ਨਹੀਂ ਚਾਹੁੰਦਾ ਕਿ ਦੱਖਣੀ ਏਸ਼ੀਆਈ ਦੇਸ਼ ''ਅੱਤਵਾਦ ਲਈ ਲੈਬਰਾਟਰੀ'' ਬਣਨ : ਟਰੰਪ

Monday, Aug 19, 2019 - 09:07 PM (IST)

ਮੈਂ ਨਹੀਂ ਚਾਹੁੰਦਾ ਕਿ ਦੱਖਣੀ ਏਸ਼ੀਆਈ ਦੇਸ਼ ''ਅੱਤਵਾਦ ਲਈ ਲੈਬਰਾਟਰੀ'' ਬਣਨ : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਵੀ ਅਹਿਮ ਖੁਫੀਆ ਤੰਤਰ ਨੂੰ ਬਣਾਏ ਰੱਖਣ 'ਤੇ ਵਿਚਾਰ ਕਰ ਰਿਹਾ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਦੱਖਣੀ ਏਸ਼ੀਆਈ ਦੇਸ਼ 'ਅੱਤਵਾਦ ਲਈ ਲੈਬਰਾਟਰੀ' ਬਣ ਜਾਵੇ। ਟਰੰਪ ਨੇ ਅਮਰੀਕਾ-ਤਾਲਿਬਾਨ ਸ਼ਾਂਤੀ ਯੋਜਨਾ ਦੀ ਸਮੀਖਿਆ ਲਈ ਉੱਚ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਨਾਲ ਬੈਠਕ ਤੋਂ ਬਾਅਦ ਇਹ ਟਿੱਪਣੀ ਕੀਤੀ। ਟਰੰਪ ਨੇ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਅਫਗਾਨਿਸਤਾਨ 'ਚ, ਸਰਕਾਰ ਅਤੇ ਤਾਲਿਬਾਨ ਦੋਹਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਚਰਚਾ ਕਾਫੀ ਚੰਗੀ ਰਹੀ ਹੈ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਫੌਜੀਆਂ ਦੀ ਗਿਣਤੀ ਨੂੰ ਘੱਟ ਕਰਕੇ ਸ਼ਾਇਦ 13,000 ਕਰ ਦਿੱਤੀ ਹੈ ਅਤੇ ਅਸੀਂ ਇਸ ਨੂੰ ਹੋਰ ਘੱਟ ਕਰਾਂਗੇ। ਇਸ ਤੋਂ ਬਾਅਦ ਫੈਸਲਾ ਕਰਾਂਗੇ ਕਿ ਸਾਨੂੰ ਇਥੇ ਲੰਬੇ ਸਮੇਂ ਤੱਕ ਰੁੱਕਣਾ ਚਾਹੀਦਾ ਹੈ ਜਾਂ ਨਹੀਂ। ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਅਫਗਾਨਿਸਤਾਨ 'ਚ ਅਮਰੀਕਾ ਦੇ ਖੁਫੀਆ ਤੰਤਰ ਦਾ ਬਣੇ ਰਹਿਣਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੈ ਜਿਥੋਂ ਸਾਡੇ 'ਤੇ ਹਮਲੇ ਹੁੰਦੇ ਹਨ। ਤੁਸੀਂ ਦੇਖੋ ਵਰਲਡ ਟ੍ਰੇਡ ਟਾਵਰ 'ਤੇ ਕੀ ਹੋਇਆ ਸੀ? ਉਸ ਦਾ ਸਬੰਧ ਅਫਗਾਨਿਸਤਾਨ ਨਾਲ ਹੀ ਸੀ। 

ਟਰੰਪ ਨੇ ਕਿਹਾ ਕਿ ਅਫਗਾਨਿਸਤਾਨ 'ਚ ਫੌਜੀਆਂ ਦੀ ਗਿਣਤੀ ਘੱਟ ਹੈ, ਇਸ ਦੇ ਬਾਵਜੂਦ ਹੀ ਚੀਜ਼ਾਂ ਕੰਟਰੋਲ 'ਚ ਹਨ। ਅਸੀਂ ਫੌਜ ਨੂੰ ਹੋਰ ਘੱਟ ਕਰ ਸਕਦੇ ਹਾਂ। ਇਹ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਸਰਕਾਰ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਅਹਿਮ ਖੁਫੀਆ ਤੰਤਰ ਉਥੇ ਬਣਾਏ ਰਖਾਂਗੇ, ਜਿਸ ਦਾ ਕਾਰਨ ਮੈਂ ਦੱਸ ਚੁੱਕਾ ਹਾਂ। ਟਰੰਪ ਨੇ ਅੱਗੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ 'ਚ ਅੱਤਵਾਦ ਨੂੰ ਖਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਫਗਾਨਿਸਤਾਨ ਅੱਤਵਾਦ ਲਈ ਲੈਬਰਾਟਰੀ ਬਣ ਜਾਵੇ। ਅਸੀਂ ਉਸ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫਤਿਆਂ 'ਚ ਕੁਝ ਐਲਾਨ ਹੋਣ ਵਾਲਾ ਹੈ।


author

Khushdeep Jassi

Content Editor

Related News