ਪੋਰਨ ਸਟਾਰ ਮਾਮਲਾ: ਟਰੰਪ ਨੇ ਕਿਹਾ- ਮੈਂ ਬੇਕਸੂਰ ਹਾਂ, ਮੇਰਾ ਇਕਮਾਤਰ ਅਪਰਾਧ ਸਿਰਫ਼...
Wednesday, Apr 05, 2023 - 11:15 AM (IST)
ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਪੋਰਨ ਸਟਾਰ ਨੂੰ ਉਸ ਦਾ ਮੂੰਹ ਬੰਦ ਰੱਖਣ ਲਈ ਭੁਗਤਾਨ ਕਰਨ ਦੇ ਮਾਮਲੇ ਵਿਚ ਖ਼ੁਦ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਇਕਮਾਤਰ ਅਪਰਾਧ ਉਨ੍ਹਾਂ ਲੋਕਾਂ ਤੋਂ ਦੇਸ਼ ਦੀ ਰੱਖਿਆ ਕਰਨ ਦੀ ਵਚਨਬੱਧਤਾ ਹੈ, ਜੋ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ, ਟਰੰਪ ਨੇ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਕਾਰੋਬਾਰੀ ਰਿਕਾਰਡ ਵਿਚ ਹੇਰਫੇਰੀ ਕਰਨ ਸਬੰਧੀ 34 ਸੰਗੀਨ ਦੋਸ਼ਾਂ ਵਿਚ ਖ਼ੁਦ ਨੂੰ ਬੇਕਸੂਰ ਦੱਸਿਆ। ਟਰੰਪ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਪੋਰਨ ਸਟਾਰ ਸਟੋਰਮੀ ਡੇਨੀਅਲ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕੀਤੇ ਜਾਣ ਦੇ ਦੋਸ਼ਾਂ ਨਾਲ ਜੁੜੇ ਅਪਰਾਧਿਕ ਮਾਮਲੇ ਵਿਚ ਸੁਣਵਾਈ ਲਈ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ ਵਿੱਚ ਆਤਮ-ਸਮਰਪਣ ਕਰਨ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਗੈਂਗਸਟਰ ਦੀਪਕ ਬਾਕਸਰ
ਮਾਮਲੇ ਦੀ ਸੁਣਵਾਈ ਤੋਂ ਬਾਅਦ ਟਰੰਪ ਫਲੋਰੀਡਾ ਸਥਿਤ ਮਾਰ-ਏ-ਲਾਗੋ ਵਿਚ ਆਪਣੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਕਰੀਬ 25 ਮਿੰਟ ਦੇ ਭਾਸ਼ਣ 'ਚ ਆਪਣੀਆਂ ਗੱਲਾਂ ਨੂੰ ਦੁਹਰਾਇਆ ਅਤੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਨੇ ਉਨ੍ਹਾਂ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਸੀ, ਤਾਂ ਜੋ ਉਨ੍ਹਾਂ ਨੂੰ ਮੁੜ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਤੋਂ ਰੋਕਿਆ ਜਾ ਸਕੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਮਰੀਕਾ ਵਿਚ ਅਜਿਹਾ ਕੁਝ ਹੋ ਸਕਦਾ ਹੈ। ਟਰੰਪ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਇਕ ਫਰਜ਼ੀ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਮੈਂ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੇਕਸੂਰ ਹਾਂ। ਮੇਰਾ ਸਿਰਫ਼ ਇਹੀ ਅਪਰਾਧ ਹੈ ਕਿ ਮੈਂ ਦੇਸ਼ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣ ਲਈ ਵਚਨਬੱਧ ਹਾਂ ਜੋ ਇਸ ਨੂੰ ਤਬਾਹ ਕਰਨਾ ਚਾਹੁੰਦੇ ਹਨ। ਅਸੀਂ ਉੱਚ ਪੱਧਰ 'ਤੇ ਚੋਣਾਂ ਵਿਚ ਦਖਲ ਅੰਦਾਜ਼ੀ ਦੇਖੀ ਹੈ। ਟਰੰਪ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਤੋਂ ਪਹਿਲਾਂ ਇੰਨਾ ਦ੍ਰਿੜ ਸੰਕਲਪ ਕਦੇ ਨਹੀਂ ਰਿਹਾ, ਜਿੰਨਾ ਮੈਂ ਹੁਣ ਹਾਂ। ਉਹ ਮੈਨੂੰ ਹਰਾ ਨਹੀਂ ਸਕਣਗੇ। ਉਹ ਮੈਨੂੰ ਤੋੜ ਨਹੀਂ ਸਕਣਗੇ। ਉਹ ਮੈਨੂੰ ਇਸ ਦੇਸ਼ ਦੀ ਰੱਖਿਆ ਲਈ ਲੜਨ ਤੋਂ ਨਹੀਂ ਰੋਕ ਸਕਣਗੇ। ਜਿੰਨਾ ਜ਼ਿਆਦਾ ਉਹ ਮੈਨੂੰ ਫਸਾਉਣ, ਬਦਨਾਮ ਕਰਨ ਅਤੇ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੈਂ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਓਨਾ ਹੀ ਦ੍ਰਿੜ ਹਾਂ। ਉਨ੍ਹਾਂ ਨੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਜੁਆਨ ਐਮ. ਮਾਰਚੇਨ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਉਹ "ਟਰੰਪ ਤੋਂ ਨਫ਼ਰਤ ਕਰਨ ਵਾਲੇ ਜੱਜ" ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਘਰ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।