ਹੈਦਰਾਬਾਦ ਦੀ ਮਹਿਲਾ ਲੋਕੋ ਪਾਇਲਟ ਚਲਾਏਗੀ 'ਰਿਆਦ ਮੈਟਰੋ' ਟਰੇਨ

Sunday, Nov 10, 2024 - 05:19 PM (IST)

ਹੈਦਰਾਬਾਦ ਦੀ ਮਹਿਲਾ ਲੋਕੋ ਪਾਇਲਟ ਚਲਾਏਗੀ 'ਰਿਆਦ ਮੈਟਰੋ' ਟਰੇਨ

ਰਿਆਦ (ਭਾਸ਼ਾ)- ਹੈਦਰਾਬਾਦ ਦੀ ਇੰਦਰਾ ਇਗਲਪਤੀ 'ਰਿਆਦ ਮੈਟਰੋ' ਦੀਆਂ ਉਨ੍ਹਾਂ ਕੁਝ ਚੋਣਵੀਆਂ ਮਹਿਲਾ ਲੋਕੋ ਪਾਇਲਟਾਂ ਵਿਚੋਂ ਇਕ ਹੈ ਜੋ ਉਥੇ ਰੇਲ ਗੱਡੀਆਂ ਚਲਾਉਣ ਲਈ ਉਤਸੁਕ ਹਨ। ਰਿਆਦ ਵਿੱਚ ਰੈਪਿਡ ਟਰਾਂਜ਼ਿਟ ਸਿਸਟਮ ਦਾ ਨਿਰਮਾਣ ਕੰਮ ਪੂਰਾ ਹੋਣ ਦੇ ਨੇੜੇ ਹੈ ਅਤੇ ਉਹ ਵਰਤਮਾਨ ਵਿੱਚ ਫਿਲਹਾਲ  ਪ੍ਰਯੋਗਾਤਮਕ ਟੈਸਟਿੰਗ ਅਧੀਨ ਰੇਲ ਗੱਡੀਆਂ ਚਲਾ ਰਹੇ ਹਨ। ਇੰਦਰਾ (33) ਜੋ ਪਿਛਲੇ ਪੰਜ ਸਾਲਾਂ ਤੋਂ ਇੱਕ ਰੇਲ ਪਾਇਲਟ ਅਤੇ ਸਟੇਸ਼ਨ ਆਪਰੇਸ਼ਨ ਮਾਸਟਰ ਵਜੋਂ ਕੰਮ ਕਰ ਰਹੀ ਹੈ, ਨੇ ਕਿਹਾ, "ਇਸ ਵਿਸ਼ਵ ਪੱਧਰੀ ਅਤੇ ਵੱਕਾਰੀ ਪ੍ਰੋਜੈਕਟ ਦਾ ਹਿੱਸਾ ਬਣਨਾ, ਖਾਸ ਤੌਰ 'ਤੇ ਇੱਕ ਪ੍ਰਵਾਸੀ ਹੋਣਾ, ਮੇਰੇ ਲਈ ਇੱਕ ਸੱਚਮੁੱਚ ਮਾਣ ਵਾਲਾ ਪਲ ਹੈ।"

ਜਦੋਂ ਇੰਦਰਾ ਨੂੰ ਰਿਆਦ ਮੈਟਰੋ ਵਿੱਚ ਖਾਲੀ ਅਸਾਮੀਆਂ ਬਾਰੇ ਪਤਾ ਲੱਗਿਆ ਤਾਂ ਉਹ ਹੈਦਰਾਬਾਦ ਮੈਟਰੋ ਵਿੱਚ ਕੰਮ ਕਰ ਰਹੀ ਸੀ ਅਤੇ ਫਿਰ ਉਸਨੇ ਇਸ ਲਈ ਅਪਲਾਈ ਕੀਤਾ। ਇੰਦਰਾ ਅਤੇ ਭਾਰਤ ਤੋਂ ਦੋ ਹੋਰ ਲੋਕ 2019 ਵਿੱਚ ਰਿਆਦ ਮੈਟਰੋ ਵਿੱਚ ਸ਼ਾਮਲ ਹੋਏ ਪਰ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਉਨ੍ਹਾਂ ਨੂੰ ਆਪਣੀ ਸ਼ੁਰੂਆਤੀ ਸਿਖਲਾਈ ਡਿਜੀਟਲ ਤੌਰ 'ਤੇ ਕਰਨੀ ਪਈ। ਵਰਤਮਾਨ ਵਿੱਚ ਪ੍ਰਯੋਗਾਤਮਕ ਟੈਸਟਿੰਗ ਚੱਲ ਰਹੀ ਹੈ ਅਤੇ ਰਿਪੋਰਟਾਂ ਅਨੁਸਾਰ ਰਿਆਦ ਮੈਟਰੋ ਸੇਵਾ 2025 ਦੇ ਸ਼ੁਰੂ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਪਾਇਲਟ ਵਜੋਂ ਭਰਤੀ ਹੋਣ ਵਾਲੀਆਂ ਚੁਣੀਆਂ ਗਈਆਂ ਔਰਤਾਂ ਵਿੱਚੋਂ ਇੱਕ ਇੰਦਰਾ ਨੇ ਪੀ.ਟੀ.ਆਈ ਨੂੰ ਦੱਸਿਆ, “ਹੁਣ ਤੱਕ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਸਾਊਦੀ ਅਰਬ ਦੇ ਲੋਕ ਬਹੁਤ ਦੋਸਤਾਨਾ ਹਨ ਅਤੇ ਉਨ੍ਹਾਂ ਦਾ ਸੱਭਿਆਚਾਰ ਬਹੁਤ ਵਧੀਆ ਹੈ। ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਮੈਂ ਇੱਥੇ ਪੰਜ ਸਾਲ ਪੂਰੇ ਕਰ ਲਏ ਹਨ। ਇੰਦਰਾ ਨੇ ਇਹ ਵੀ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੇ ਕਦੇ ਵੀ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕੀਤਾ। ਉਸ ਨੇ ਕਿਹਾ,"ਇੱਥੇ ਬਰਾਬਰ ਮੌਕੇ ਹਨ ਅਤੇ ਕੋਈ ਲਿੰਗ ਭੇਦਭਾਵ ਨਹੀਂ ਹੈ।"

ਜਾਣੋ ਇੰਦਰਾ ਇਗਲਪਤੀ ਬਾਰੇ

ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਦੇ ਧੂਲੀਪੱਲਾ ਦੀ ਰਹਿਣ ਵਾਲੀ ਇੰਦਰਾ 2006 'ਚ ਹੈਦਰਾਬਾਦ 'ਚ ਵਸ ਗਈ ਸੀ। ਇੰਦਰਾ ਦੇ ਪਿਤਾ ਮਕੈਨਿਕ ਸਨ ਪਰ ਉਨ੍ਹਾਂ ਨੇ ਆਪਣੇ ਤਿੰਨ ਬੱਚਿਆਂ ਦੀ ਪੜ੍ਹਾਈ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇੰਦਰਾ ਨੇ ਕਿਹਾ ਕਿ ਉਹ ਇੱਕ ਨਿਮਨ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਸੀ, ਪਰ ਉਸਦੇ ਪਿਤਾ ਨੇ ਇਹ ਯਕੀਨੀ ਬਣਾਇਆ ਕਿ ਉਸਨੂੰ ਉਸਦੀ ਸਿੱਖਿਆ ਮਿਲੇ। ਇੰਦਰਾ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਅਤੇ ਉਸਦੀ ਵੱਡੀ ਭੈਣ ਇੱਕ ਅਧਿਆਪਕ ਹੈ। ਉਸਦੀ ਸਭ ਤੋਂ ਛੋਟੀ ਭੈਣ ਵੀ ਹੈਦਰਾਬਾਦ ਮੈਟਰੋ ਵਿੱਚ ਲੋਕੋ ਪਾਇਲਟ ਵਜੋਂ ਕੰਮ ਕਰ ਰਹੀ ਹੈ। ਇੰਦਰਾ ਦੇ ਪਤੀ ਵੀ ਇੱਥੇ ਮੈਟਰੋ ਦੇ ਮੇਨਟੇਨੈਂਸ ਵਿਭਾਗ ਵਿੱਚ ਕੰਮ ਕਰਦੇ ਹਨ। ਇੰਦਰਾ ਨੂੰ 2022 ਫੁੱਟਬਾਲ ਵਿਸ਼ਵ ਕੱਪ ਦੌਰਾਨ ਭੀੜ ਪ੍ਰਬੰਧਨ ਵਿੱਚ ਸਹਾਇਤਾ ਲਈ ਦੋਹਾ ਵੀ ਭੇਜਿਆ ਗਿਆ ਸੀ।ਉਸਨੇ ਕਿਹਾ “ਇੰਨੀ ਵੱਡੀ ਭੀੜ ਨੂੰ ਦੇਖਣਾ ਬਹੁਤ ਵਧੀਆ ਅਨੁਭਵ ਸੀ ਅਤੇ ਅਸੀਂ ਬਿਨਾਂ ਕਿਸੇ ਦੁਰਘਟਨਾ ਦੇ ਇਸ ਨੂੰ ਪਾਰ ਕਰ ਲਿਆ।” 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News