ਦਿਲ ਦਹਿਲਾ ਦੇਣ ਵਾਲਾ ਮਾਮਲਾ, ਪਤਨੀ ਅਤੇ ਬੱਚਿਆਂ ਨੂੰ 17 ਸਾਲ ਤੱਕ ਬਣਾਇਆ ਬੰਧਕ
Wednesday, Aug 03, 2022 - 11:22 AM (IST)
ਬ੍ਰਾਸੀਲੀਆ (ਬਿਊਰੋ): ਪਤੀ-ਪਤਨੀ ਦਾ ਰਿਸ਼ਤਾ ਪਿਆਰ ਨਾਲ ਮਜ਼ਬੂਤ ਬਣਦਾ ਹੈ। ਪਰ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ 17 ਸਾਲ ਤੱਕ ਗੰਦੇ ਘਰ ਵਿੱਚ ਕੈਦ ਕਰ ਰੱਖਿਆ ਸੀ। ਇੰਨੇ ਸਾਲ ਕੈਦ ਵਿਚ ਬਿਤਾਉਣ ਤੋਂ ਬਾਅਦ ਹੁਣ ਔਰਤ ਅਤੇ ਦੋ ਬੱਚਿਆਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਮੁਲਜ਼ਮ ਪਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜੋੜੇ ਦੇ ਵਿਆਹ ਨੂੰ 23 ਸਾਲ ਹੋ ਚੁੱਕੇ ਸਨ। ਪੁਲਸ ਨੂੰ ਸ਼ੁਰੂ ਵਿੱਚ ਕੁਪੋਸ਼ਣ ਕਾਰਨ ਬੱਚੇ ਘੱਟ ਉਮਰ ਦੇ ਲੱਗ ਰਹੇ ਸਨ ਪਰ ਇਨ੍ਹਾਂ ਵਿੱਚੋਂ ਇੱਕ ਦੀ ਉਮਰ 19 ਸਾਲ ਅਤੇ ਦੂਜੇ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।
ਪੁਲਸ ਮੁਤਾਬਕ ਬੱਚਿਆਂ ਦੀ ਹਾਲਤ ਮਰਨ ਵਾਲੀ ਲੱਗ ਰਹੀ ਸੀ। ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਬ੍ਰਾਜ਼ੀਲ ਦਾ ਹੈ। ਰਿਓ ਡੀ ਜਨੇਰੀਓ ਦੇ ਪੱਛਮ ਵਿੱਚ ਗੁਆਰਟੀਬਾ ਵਿੱਚ ਇੱਕ ਘਰ ਤੋਂ ਪਰਿਵਾਰ ਨੂੰ ਮੁਕਤ ਕਰਾਇਆ ਗਿਆ। ਪੀੜਤ ਔਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਕਹਿੰਦਾ ਸੀ ਕਿ ਜਦੋਂ ਉਸ ਦੀ ਮੌਤ ਹੋ ਜਾਵੇਗੀ ਤਾਂ ਉਹ ਉਸ ਨੂੰ ਛੱਡ ਦੇਵੇਗਾ। ਦੋਸ਼ੀ ਵਿਅਕਤੀ ਦੀ ਪਛਾਣ ਲੁਈਜ਼ ਐਂਟੋਨੀਓ ਵਜੋਂ ਹੋਈ ਹੈ। ਬ੍ਰਾਜ਼ੀਲ ਦੀ ਨਿਊਜ਼ ਵੈੱਬਸਾਈਟ G1 ਮੁਤਾਬਕ- ਜਿਸ ਘਰ ਤੋਂ ਔਰਤ ਅਤੇ ਉਸ ਦੇ ਬੱਚਿਆਂ ਨੂੰ ਛੁਡਾਇਆ ਗਿਆ ਸੀ, ਉਹ ਬਹੁਤ ਗੰਦਾ ਸੀ। ਘਰ ਵਿੱਚ ਰੌਸ਼ਨੀ ਵੀ ਬਹੁਤ ਘੱਟ ਸੀ। ਦੋਹਾਂ ਬੱਚਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਜਵਾਹਿਰੀ ਦੀ ਮੌਤ ਤੋਂ ਬਾਅਦ ਬੋਲਿਆ ਪਾਕਿਸਤਾਨ, ਕਿਹਾ- ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕਰਦੇ ਹਾਂ
ਮਿਲਟਰੀ ਪੁਲਸ ਦੇ ਕੈਪਟਨ ਵਿਲੀਅਮ ਓਲੀਵੀਰਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਦੋਵਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਬੱਚੇ ਹਨ ਕਿਉਂਕਿ ਉਹ ਕੁਪੋਸ਼ਣ ਤੋਂ ਪੀੜਤ ਸਨ ਇਸ ਲਈ ਉਹਨਾਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੋ ਸਕਿਆ ਸੀ। ਦੋਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਇਕ ਹਫ਼ਤਾ ਵੀ ਨਹੀਂ ਬਚਣਗੇ।ਜਿਵੇਂ ਹੀ ਔਰਤ ਅਤੇ ਦੋਵੇਂ ਬੱਚਿਆਂ ਨੂੰ ਆਜ਼ਾਦ ਕਰਾਇਆ ਗਿਆ, ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਪਰਿਵਾਰ ਨੂੰ ਪਹਿਲਾਂ ਕਿਉਂ ਨਹੀਂ ਰਿਹਾਅ ਕਰਾਇਆ ਗਿਆ? ਇਸ ਪਰਿਵਾਰ ਦੀ ਅਜਿਹੀ ਹਾਲਤ ਦੀ ਪਹਿਲੀ ਜਾਣਕਾਰੀ ਸਾਲ 2020 ਵਿੱਚ ਦਿੱਤੀ ਗਈ ਸੀ।