ਚੱਕਰਵਾਤੀ ਤੂਫ਼ਾਨ 'ਇਆਨ' ਨੇ ਕਿਊਬਾ 'ਚ ਦਿੱਤੀ ਦਸਤਕ, ਫਲੋਰੀਡਾ ਲਈ ਖ਼ਤਰੇ ਦੀ ਘੰਟੀ

Wednesday, Sep 28, 2022 - 11:20 AM (IST)

ਚੱਕਰਵਾਤੀ ਤੂਫ਼ਾਨ 'ਇਆਨ' ਨੇ ਕਿਊਬਾ 'ਚ ਦਿੱਤੀ ਦਸਤਕ, ਫਲੋਰੀਡਾ ਲਈ ਖ਼ਤਰੇ ਦੀ ਘੰਟੀ

ਹਵਾਨਾ (ਏਜੰਸੀ)- ਚੱਕਰਵਾਤੀ ਤੂਫਾਨ 'ਇਆਨ' ਨੇ ਮੰਗਲਵਾਰ ਨੂੰ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਕਿਊਬਾ ਦੇ ਪੱਛਮੀ ਤੱਟ 'ਤੇ ਦਸਤਕ ਦਿੱਤੀ। ਚੱਕਰਵਾਤ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਤੱਕ 50 ਹਜ਼ਾਰ ਲੋਕਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਹੈ। ਇਹ ਚੱਕਰਵਾਤ ਤੇਜ਼ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ ਅਤੇ ਬੁੱਧਵਾਰ ਯਾਨੀ ਅੱਜ ਇਸ ਦੇ ਮੈਕਸੀਕੋ ਦੀ ਖਾੜੀ ਤੋਂ ਹੁੰਦੇ ਹੋਏ ਅਮਰੀਕੀ ਸੂਬੇ ਫਲੋਰੀਡਾ ਦੇ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਆਨ ਸ਼੍ਰੇਣੀ 3 ਦਾ ਚੱਕਰਵਾਤ ਹੈ। ਸ਼੍ਰੇਣੀ-3 ਦਾ ਚੱਕਰਵਾਤ ਉਹ ਹੁੰਦਾ ਹੈ ਜਿਸ ਵਿੱਚ ਹਵਾ ਦੀ ਰਫ਼ਤਾਰ ਘੱਟੋ-ਘੱਟ 178 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। USNHC ਨੇ ਕਿਹਾ ਕਿ ਇਹ ਚੱਕਰਵਾਤ ਗੰਭੀਰ ਹੁੰਦਾ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਜਦੋਂ ਤੱਕ ਇਹ ਚੱਕਰਵਾਤ ਫਲੋਰੀਡਾ ਦੇ ਤੱਟ 'ਤੇ ਪਹੁੰਚੇਗਾ, ਉਦੋਂ ਤੱਕ ਇਹ ਸ਼੍ਰੇਣੀ 4 ਦੇ ਚੱਕਰਵਾਤ ਵਿੱਚ ਬਦਲ ਚੁੱਕਾ ਹੋਵੇਗਾ। ਯੂ.ਐੱਸ. ਨੈਸ਼ਨਲ ਹਰੀਕੇਨ ਸੈਂਟਰ (ਯੂ.ਐੱਸ.ਐੱਨ.ਐੱਚ.ਸੀ.) ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 4.30 ਵਜੇ ਇਆਨ ਨੇ ਕਿਊਬਾ ਦੇ ਤੱਟ 'ਤੇ ਦਸਤਕ ਦਿੱਤੀ ਸੀ।

ਇਹ ਵੀ ਪੜ੍ਹੋ: ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁਕਤ

ਕਿਊਬਾ ਦੀ ਸਰਕਾਰ ਨੇ ਇਆਨ ਦੇ ਪਹੁੰਚਣ ਤੋਂ ਪਹਿਲਾਂ ਹੀ ਮੁੱਖ ਤੰਬਾਕੂ ਖੇਤਰ, ਪਿਨਾਰ ਡੇਲ ਰੀਓ ਸੂਬੇ ਤੋਂ 50,000 ਤੋਂ ਵੱਧ ਲੋਕਾਂ ਨੂੰ ਹਟਾ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ। ਸਰਕਾਰ ਨੇ ਇਸ ਟਾਪੂ ਦੇਸ਼ ਵਿੱਚ 55 ਸ਼ੈਲਟਰ ਬਣਾਏ ਹਨ। USNHC ਨੇ ਕਿਹਾ ਕਿ ਕਿਊਬਾ ਦੇ ਪੱਛਮੀ ਤੱਟ 'ਤੇ ਇਆਨ ਕਾਰਨ 14 ਫੁੱਟ ਉੱਚੀਆਂ ਲਹਿਰਾਂ ਦੇਖੀਆਂ ਗਈਆਂ। ਯੂ.ਐੱਸ.ਐੱਨ.ਐੱਚ.ਸੀ. ਦੇ ਸੀਨੀਅਰ ਮਾਹਰ ਡੈਨੀਅਨ ਬ੍ਰਾਊਨ ਨੇ ਐਸੋਸਿਏਟਿਡ ਪ੍ਰੈਸ ਨੂੰ ਦੱਸਿਆ ਕਿ ਕਿਊਬਾ ਨੂੰ ਪਹਿਲਾਂ ਤੋਂ ਹੀ ਖ਼ਦਸ਼ਾ ਸੀ ਕਿ ਚੱਕਰਵਾਤ ਅਤੇ ਖ਼ਤਰਨਾਕ ਲਹਿਰਾਂ ਨਾਲ ਮੋਹਲੇਧਾਨ ਮੀਂਹ ਪਵੇਗਾ।

ਇਹ ਵੀ ਪੜ੍ਹੋ: ਬੇਰਹਿਮੀ ਦੀਆਂ ਹੱਦਾਂ ਪਾਰ! ਈਰਾਨ 'ਚ ਹਿਜਾਬ ਦਾ ਵਿਰੋਧ ਕਰਨ 'ਤੇ 20 ਸਾਲਾ ਕੁੜੀ ਨੂੰ ਮਾਰੀਆਂ ਗੋਲੀਆਂ

ਕਿਊਬਾ ਤੋਂ ਅੱਗੇ ਵਧਣ 'ਤੇ ਇਆਨ ਦੇ ਮੈਕਸੀਕੋ ਦੀ ਖਾੜੀ ਤੱਕ ਪਹੁੰਚਣ 'ਤੇ ਹੋਰ ਤਾਕਤਵਰ ​​ਹੋਣ ਦੀ ਉਮੀਦ ਹੈ, ਜਿਸ ਕਾਰਨ ਬੁੱਧਵਾਰ ਨੂੰ ਇਸ ਦੇ ਫਲੋਰੀਡਾ ਤੱਟ 'ਤੇ ਪਹੁੰਚਣ ਦੀ ਰਫ਼ਤਾਰ ਵੱਧ ਕੇ 225 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਰਾਜ ਭਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਚੱਕਰਵਾਤ ਰਾਜ ਦੇ ਵੱਡੇ ਹਿੱਸਿਆਂ ਵਿੱਚ ਤਬਾਹੀ ਮਚਾ ਸਕਦਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਬਾਈਡੇਨ ਨੇ ਜਾਨਾਂ ਅਤੇ ਜਾਇਦਾਦ ਦੀ ਸੁਰੱਖਿਆ ਲਈ ਅੰਦਰੂਨੀ ਸੁਰੱਖਿਆ ਵਿਭਾਗ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਆਫ਼ਤ ਰਾਹਤ ਕਾਰਜਾਂ ਵਿੱਚ ਤਾਲਮੇਲ ਅਤੇ ਸਹਿਯੋਗ ਕਰਨ ਲਈ ਕਿਹਾ ਹੈ। 

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News