ਪਿਊਰਟੋ ਰੀਕੋ ''ਚ ਤਬਾਹੀ ਮਚਾਉਣ ਤੋਂ ਬਾਅਦ ਤੂਫ਼ਾਨ ਫਿਓਨਾ ਡੋਮਿਨਿਕਨ ਰੀਪਬਲਿਕ ਪਹੁੰਚਿਆ
Monday, Sep 19, 2022 - 06:06 PM (IST)
ਹਵਾਨਾ (ਏਜੰਸੀ)- ਕੈਰੇਬੀਅਨ ਟਾਪੂ ਪਿਊਰਟੋ ਰੀਕੋ ਵਿਚ ਤਬਾਹੀ ਮਚਾਉਣ ਤੋਂ ਬਾਅਦ ਤੂਫ਼ਾਨ ਫਿਓਨਾ ਸੋਮਵਾਰ ਨੂੰ ਡੋਮਿਨਿਕਨ ਰੀਪਬਲਿਕ ਪਹੁੰਚ ਗਿਆ। ਤੂਫ਼ਾਨ ਕਾਰਨ ਡੋਮਿਨਿਕਨ ਰੀਪਬਲਿਕ ਵਿੱਚ ਪਾਵਰ ਗਰਿੱਡ ਠੱਪ ਹੋ ਗਿਆ ਹੈ। ਤੂਫ਼ਾਨ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਅਮਰੀਕਾ ਦੇ ਪ੍ਰਸ਼ਾਸਨ ਦੇ ਅਧੀਨ ਆਉਣ ਵਾਲੇ ਪਿਊਰਟੋ ਰੀਕੋ ਟਾਪੂ ਦੇ ਅਧਿਕਾਰੀਆਂ ਨੇ ਕਿਹਾ ਕਿ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ। ਤੂਫ਼ਾਨ ਕਾਰਨ ਪਿਊਰਟੋ ਰੀਕੋ 'ਚ ਸੋਮਵਾਰ ਨੂੰ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੂਫ਼ਾਨ ਕਾਰਨ ਪਿਊਰਟੋ ਰੀਕੋ ਦੇ ਪੂਰਬੀ ਅਤੇ ਦੱਖਣੀ ਇਲਾਕਿਆਂ ਵਿੱਚ 30 ਇੰਚ (76 ਸੈਂਟੀਮੀਟਰ) ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਸੈਨ ਜੁਆਨ ਵਿੱਚ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਦੇ ਇੱਕ ਮੌਸਮ ਵਿਗਿਆਨੀ ਅਰਨੇਸਟੋ ਮੋਰਾਲੇਸ ਨੇ ਕਿਹਾ, 'ਇਹ ਮਹੱਤਵਪੂਰਨ ਹੈ ਕਿ ਲੋਕ ਇਹ ਸਮਝਣ ਕਿ ਇਹ ਤੂਫ਼ਾਨ ਅਜੇ ਖਤਮ ਨਹੀਂ ਹੋਇਆ ਹੈ।' ਪਿਊਰਟੋ ਰੀਕੋ ਦੇ ਗਵਰਨਰ ਪੇਡਰੋ ਪਿਅਰਲੁਸੀ ਨੇ ਕਿਹਾ, 'ਤੂਫ਼ਾਨ ਕਾਰਨ ਅਸੀਂ ਜੋ ਤਬਾਹੀ ਦੇਖ ਰਹੇ ਹਾਂ ਉਹ ਭਿਆਨਕ ਹੈ।'