ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਦੀ ਸਜ਼ਾ ਮੁਆਫ਼ ਕਰਨਾ ਰਾਸ਼ਟਰਪਤੀ ਨੂੰ ਪਿਆ ਭਾਰੀ, ਦਿੱਤਾ ਅਸਤੀਫ਼ਾ
Sunday, Feb 11, 2024 - 10:18 AM (IST)
ਬੁਡਾਪੇਸਟ (ਪੋਸਟ ਬਿਊਰੋ)- ਬਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਵਿਅਕਤੀ ਦੀ ਸਜ਼ਾ ਮੁਆਫ਼ ਕਰਨ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਹੰਗਰੀ ਦੇ ਰਾਸ਼ਟਰਪਤੀ ਕੈਟਾਲਿਨ ਨੋਵਾਕ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 46 ਸਾਲਾ ਨੋਵਾਕ ਨੇ ਇੱਕ ਟੈਲੀਵਿਜ਼ਨ ਸੰਦੇਸ਼ ਵਿੱਚ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ਼ ਦੇ ਦੇਵੇਗੀ। ਉਹ 2022 ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ।
ਨੋਵਾਕ ਨੇ ਅਪ੍ਰੈਲ 2023 ਵਿੱਚ ਇੱਕ ਸਰਕਾਰੀ ਚਿਲਡਰਨ ਸ਼ੈਲਟਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਕੇਸ ਨਾਲ ਸਬੰਧਤ ਸਬੂਤ ਛੁਪਾਉਣ ਦੇ ਦੋਸ਼ੀ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ। ਦੋਸ਼ੀ 'ਤੇ ਇਹ ਦੋਸ਼ ਸਾਬਤ ਹੋਇਆ ਕਿ ਉਹ ਆਸਰਾ ਸਥਲ ਦੇ ਸੰਚਾਲਕ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਪੀੜਤਾਂ 'ਤੇ ਦਬਾਅ ਬਣਾ ਰਿਹਾ ਸੀ। ਇਸ ਮਾਮਲੇ ਵਿੱਚ ਦੋਸ਼ੀ ਨੂੰ ਸਬੂਤ ਛੁਪਾਉਣ ਦੀ ਕੋਸ਼ਿਸ਼ ਦੇ ਜੁਰਮ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ। ਨੋਵਾਕ ਵੱਲੋਂ ਦੋਸ਼ੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦਾ ਖੁਲਾਸਾ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਇਸਦੀ ਵਿਆਪਕ ਆਲੋਚਨਾ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦਾ ਪਹਿਲਾ AI ਬੱਚਾ, ਇਨਸਾਨਾਂ ਵਾਂਗ ਕਰਦਾ ਹੈ ਹਰਕਤਾਂ (ਵੀਡੀਓ)
ਇਸ ਫ਼ੈਸਲੇ ਦੇ ਸਾਹਮਣੇ ਆਉਣ ਤੋਂ ਇਕ ਹਫ਼ਤੇ ਬਾਅਦ ਨੋਵਾਕ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨੋਵਾਕ ਨੇ ਸ਼ਨੀਵਾਰ ਨੂੰ ਦੋਸ਼ੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ 'ਤੇ ਮੁਆਫ਼ੀ ਮੰਗਦੇ ਹੋਏ ਕਿਹਾ, ''ਮੈਂ ਗ਼ਲਤੀ ਕੀਤੀ ਹੈ।'' ਉਸ ਨੇ ਕਿਹਾ, ''ਮੈਂ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਠੇਸ ਪਹੁੰਚਾਈ ਹੈ ਅਤੇ ਮੈਂ ਉਨ੍ਹਾਂ ਪੀੜਤਾਂ ਤੋਂ ਵੀ ਮੁਆਫ਼ੀ ਮੰਗਦੀ ਹਾਂ। ਮੈਂ ਉਨ੍ਹਾਂ ਲਈ ਖੜ੍ਹੀ ਨਹੀਂ ਸੀ।'' ਨੋਵਾਕ ਨੇ ਕਿਹਾ, ''ਮੈਂ ਅੱਜ ਆਖਰੀ ਵਾਰ ਰਾਸ਼ਟਰ ਦੇ ਮੁਖੀ ਵਜੋਂ ਤੁਹਾਨੂੰ ਸੰਬੋਧਿਤ ਕਰ ਰਹੀ ਹਾਂ। ਮੈਂ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੀ ਹਾਂ।'' ਇੱਥੇ ਦੱਸ ਦਈਏ ਕਿ ਨੋਵਾਕ ਹੰਗਰੀ ਦੀ ਪਹਿਲੀ ਮਹਿਲਾ ਅਤੇ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।