ਸਾਇੰਸ ਲੈਬਾਰਟਰੀਆਂ ’ਚ ਬਣ ਰਹੇ ਮਨੁੱਖੀ ਭਰੂਣ ਦੇ ਮਾਡਲ, ਗਰਭ ਧਾਰਨ ਦਰ ’ਚ ਹੋਵੇਗਾ ਸੁਧਾਰ
Sunday, Sep 15, 2024 - 10:24 AM (IST)
ਸਿਡਨੀ- ਜਿਹੜੀ ਤਸਵੀਰ ਤੁਸੀਂ ਉੱਪਰ ਦੇਖ ਰਹੇ ਹੋ, ਉਹ ਅਸਲ ’ਚ ਬਲਾਸਟੋਸਾਈਸਟ ਪੜਾਅ ਦਾ ਇਕ ਮਨੁੱਖੀ ਭਰੂਣ ਮਾਡਲ ਹੈ। ਇਹ ਆਸਟ੍ਰੇਲੀਆ ਦੇ ਮੈਲਬੌਰਨ ’ਚ ਮੋਨਾਸ਼ ਯੂਨੀਵਰਸਿਟੀ ਦੇ ਸਟੈਮ ਸੈੱਲ ਜੀਵ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ। ਨਕਲੀ ਮਨੁੱਖੀ ਭਰੂਣ ਬਣਾਉਣ ਨਾਲ ਜੁੜੇ ਸਾਰੇ ਨੈਤਿਕ ਸਵਾਲਾਂ ਵਿਚਕਾਰ ਅਜਿਹੀ ਖੋਜ ਸਿਰਫ ਮੋਨਾਸ਼ ਅਤੇ ਦੁਨੀਆ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਦੇ ਦਰਜਨ ਦੇ ਕਰੀਬ ਮੈਡੀਕਲ ਸੈਂਟਰਾਂ ’ਚ ਚੱਲ ਰਹੀ ਹੈ। ਡੱਲਾਸ ਦੀ ਯੂਨੀਵਰਸਿਟੀ ਆਫ ਟੈਕਸਾਸ ਸਾਊਥਵੈਸਟਰਨ ਮੈਡੀਕਲ ਸੈਂਟਰ ਦੇ ਸਟੈਮ ਸੈੱਲ ਬਾਇਓਲੋਜਿਸਟ ਜੂਨ ਵੂ ਵੀ ਮਨੁੱਖੀ ਭਰੂਣਾਂ ਦੇ ਅਜਿਹੇ ਹੀ ਮਾਡਲ ਦਾ ਅਧਿਐਨ ਕਰ ਰਹੇ ਹਨ। ਇਹ ਵਿਆਸ ’ਚ 1 ਮਿਲੀਮੀਟਰ ਤੋਂ ਘੱਟ ਹਨ। ਇਨ੍ਹਾਂ ਨੂੰ ਪੂਰੀ ਤਰ੍ਹਾਂ ਲੈਬਾਰਟਰੀ ’ਚ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨੂੰ ਮਨੁੱਖੀ ਭਰੂਣਾਂ ਦੀ ਸੰਪੂਰਨ ਪ੍ਰਤੀਕ੍ਰਿਤੀ ਨਹੀਂ ਕਿਹਾ ਜਾ ਸਕਦਾ। ਇਸ ਪੜਾਅ ਤੋਂ ਬਾਅਦ ਉਹ ਅਚਾਨਕ ਆਪਣੇ-ਆਪ ਹੀ ਤਬਾਹ ਹੋ ਜਾਣਗੇ।
ਗਰਭ ਧਾਰਨ ਦਾ ਪਹਿਲਾ ਹਫ਼ਤਾ
ਦਰਅਸਲ ਇਨ੍ਹਾਂ ਮਨੁੱਖੀ ਭਰੂਣ ਮਾਡਲਾਂ ਜ਼ਰੀਏ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗਰਭ ਅਵਸਥਾ ਦੇ ਪਹਿਲੇ ਹਫ਼ਤੇ ਕੀ ਹੁੰਦਾ ਹੈ। ਆਸਟਰੀਆ ਦੇ ਵਿਏਨਾ ’ਚ ਅਕੈਡਮੀ ਆਫ਼ ਸਾਇੰਸਜ਼ ’ਚ ਮੋਲੀਕਿਊਲਰ ਬਾਇਓਟੈਕਨਾਲੋਜੀ ’ਚ ਇਕ ਵਿਕਾਸਸ਼ੀਲ ਜੀਵ ਵਿਗਿਆਨੀ ਨਿਕੋਲੌਸ ਰਿਵਰੋਨ ਅਨੁਸਾਰ ਗਰਭ ਅਵਸਥਾ ਦਾ ਪਹਿਲਾ ਹਫ਼ਤਾ ਇਕ ਉੱਚ ਨਾਟਕੀ ਮਿਆਦ ਹੈ। ਇਸ ’ਚ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ। ਇਸ ਹਫਤੇ ਭਰੂਣ ਦਾ ਆਕਾਰ ਇੰਨਾ ਛੋਟਾ ਹੈ ਕਿ ਤੁਸੀਂ ਇਸ ਨੂੰ ਅਲਟਰਾਸਾਊਂਡ ਰਾਹੀਂ ਵੀ ਨਹੀਂ ਦੇਖ ਸਕਦੇ ਪਰ ਭਰੂਣ ਦੇ ਮਾਡਲ ਬਣਾ ਕੇ ਅਸੀਂ ਆਪਣੀ ਲੈਬਾਰਟਰੀ ’ਚ ਅਧਿਐਨ ਕਰ ਸਕਦੇ ਹਾਂ ਕਿ ਗਰਭ ਦੇ ਪਹਿਲੇ 14 ਦਿਨਾਂ ’ਚ ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ।
ਖੋਜ ਦੇ ਕਈ ਫਾਇਦੇ
ਰਿਵਰੋਨ ਅਨੁਸਾਰ ਲੈਬਾਰਟਰੀ ’ਚ ਇਸ ਅਧਿਐਨ ਦੇ ਕਈ ਫਾਇਦੇ ਹਨ। ਅਸੀਂ ਜਲਦੀ ਹੀ ਇਹ ਪਤਾ ਲਗਾਉਣ ਦੇ ਯੋਗ ਹੋ ਸਕਦੇ ਹਾਂ ਕਿ ਮਾਂ ਦੇ ਗਰਭ ’ਚ ਪਹਿਲੇ ਹਫ਼ਤੇ ’ਚ ਇਕ ਤਿਹਾਈ ਭਰੂਣ ਕਿਉਂ ਮਰ ਜਾਂਦੇ ਹਨ। ਇਹ ਸਾਨੂੰ ਬਾਂਝਪਨ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰੇਗਾ। ਇਨਵਿਟਰੋ ਗਰਭ ਧਾਰਨ ਦਰ ’ਚ ਸੁਧਾਰ ਹੋਵੇਗਾ। ਅਸੀਂ ਪਹਿਲੇ ਹਫ਼ਤੇ ’ਚ ਇਹ ਜਾਣ ਸਕਾਂਗੇ ਕਿ ਕੀ ਗਰੱਭ ’ਚ ਕੋਈ ਜਮਾਂਦਰੂ ਵਿਗਾੜ ਪੈਦਾ ਹੋ ਰਿਹਾ ਹੈ ਅਤੇ ਇਸ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਮਾਡਲਾਂ ’ਤੇ ਅਸੀਂ ਉਨ੍ਹਾਂ ਦਵਾਈਆਂ ਦੀ ਜਾਂਚ ਅਤੇ ਪਛਾਣ ਕਰ ਸਕਦੇ ਹਾਂ ਜੋ ਭਰੂਣ ਲਈ ਸੁਰੱਖਿਅਤ ਹਨ।
ਸਭ ਤੋਂ ਨਵਾਂ ਵਿਸ਼ਾ
ਦੁਨੀਆ ਭਰ ਦੇ ਵਿਗਿਆਨੀਆਂ ਨੇ ਪਿਛਲੀ ਫਰਵਰੀ ’ਚ ਮਨੁੱਖੀ ਭਰੂਣ ਮਾਡਲਾਂ ’ਤੇ ਇਕ ਸਾਇੰਸ ਕਾਨਫਰੰਸ ਕੀਤੀ ਸੀ। ਇਸ ਤੋਂ ਬਾਅਦ ਕਈ ਵਿਗਿਆਨੀਆਂ ਨੇ ਆਪਣੀਆਂ ਕੰਪਨੀਆਂ ਵੀ ਲਾਂਚ ਕੀਤੀਆਂ, ਜੋ ਭਰੂਣ ਮਾਡਲਾਂ ’ਤੇ ਬਾਂਝਪਨ ਨੂੰ ਦੂਰ ਕਰਨ ਲਈ ਦਵਾਈਆਂ ਅਤੇ ਇਲਾਜ ਦੇ ਪ੍ਰੀਖਣ ’ਤੇ ਕੰਮ ਕਰ ਰਹੀਆਂ ਹਨ। ਐੱਮ.ਆਈ.ਟੀ. ਅਤੇ ਹਾਰਵਰਡ ਕੈਂਬ੍ਰਿਜ ਇੰਸਟੀਚਿਊਟ ਦੇ ਬੋਰਡ ਦੇ ਬਾਇਓਐਥਿਕਸ ਸਲਾਹਕਾਰ ਇੰਸੂ ਹਿਊਨ ਦਾ ਕਹਿਣਾ ਹੈ ਕਿ ਮਨੁੱਖੀ ਭਰੂਣ ਮਾਡਲ ਇਸ ਸਮੇਂ ਵਿਗਿਆਨੀਆਂ ’ਚ ਸਭ ਤੋਂ ਨਵਾਂ ਅਤੇ ਹਾਟ ਟੌਪਿਕ ਹਨ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨੀ ਰਾਜ, ਸਮੁੰਦਰ ਤੱਟ 'ਤੇ ਟੀ-ਸ਼ਰਟ ਪਾ ਕੇ ਜਾਣ ਦੀ ਮਿਲੀ ਖੌਫ਼ਨਾਕ ਸਜ਼ਾ
ਪਹਿਲੇ ਦੋ ਹਫ਼ਤਿਆਂ ਦਾ ਵਿਕਾਸ ਪੜਾਅ
ਭਰੂਣ ਦਾ ਵਿਕਾਸ
100 ਸੈੱਲ ਬਣ ਜਾਂਦੇ ਹਨ ਪਹਿਲੇ ਹਫ਼ਤੇ ਵਿਚ- ਸ਼ੁਕਰਾਣੂ, ਅੰਡਾਣੂ। ਅੰਡਾਣੂ ਦੇ ਸ਼ੁਕਰਾਣੂ ਨਾਲ ਮਿਲਣ ਤੋਂ ਬਾਅਦ ਤੇਜ਼ੀ ਨਾਲ ਸੈੱਲਾਂ ਦੀ ਵੰਡ ਹੁੰਦੀ ਹੈ। ਪਹਿਲੇ ਹਫ਼ਤੇ ਵਿਚ ਇਕ ਸੂਖਮ ਚੱਕਰ ’ਚ ਲਗਭਗ 100 ਸੈੱਲ ਬਣਦੇ ਹਨ। ਇਸ ਚੱਕਰ ਨੂੰ ਬਲਾਸਟੋਸਾਈਸਟ ਕਿਹਾ ਜਾਂਦਾ ਹੈ।
3 ਹਿੱਸਿਆਂ ’ਚ ਵੰਡੇ ਜਾਂਦੇ ਹਨ ਸੈੱਲ
100 ਸੈੱਲ ਤਿੰਨ ਹਿੱਸਿਆਂ ’ਚ ਵੰਡੇ ਜਾਂਦੇ ਹਨ - ਇਨ੍ਹਾਂ ’ਚੋਂ ਇਕ ਹਿੱਸਾ ਭਰੂਣ ’ਚ ਵਿਕਸਤ ਹੁੰਦਾ ਹੈ, ਦੂਜਾ ਉਸ ਦੇ ਲਈ ਜਰਦੀ ਦੀ ਥੈਲੀ (ਯੋਕ ਥੈਲੀ) ਦੇ ਰੂਪ ਵਿਚ ਅਤੇ ਤੀਜਾ ਗਰਭ ਨਾਲ ’ਚ ਵਿਕਸਤ ਹੁੰਦਾ ਹੈ।
ਦੂਜੇ ਹਫ਼ਤੇ ’ਚ ਹੁੰਦਾ ਹੈ ਸਥਾਪਤ
ਦੂਜੇ ਹਫ਼ਤੇ ’ਚ ਭਰੂਣ ਖੁਦ ਨੂੰ ਬੱਚੇਦਾਨੀ ’ਚ ਸਥਾਪਤ ਕਰਦਾ ਹੈ। ਵਿਗਿਆਨੀ ਹੁਣ ਲੈਬਾਰਟਰੀ ’ਚ ਭਰੂਣ ਦੇ ਮਾਡਲਾਂ ਦੇ ਦੋ ਹਫ਼ਤਿਆਂ ਦੇ ਵਿਕਾਸ ਨੂੰ ਦੇਖ ਰਹੇ ਹਨ ਅਤੇ ਸਮਝ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।