ਆਸਟ੍ਰੇਲੀਆ ''ਚ ਵਾਪਰਿਆ ਭਿਆਨਕ ਹਾਦਸਾ ! 2 ਟਰੱਕਾਂ ਦੀ ਟੱਕਰ ''ਚ 2 ਦੀ ਹੋਈ ਮੌਤ
Thursday, Nov 20, 2025 - 02:21 PM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੂਰਬੀ ਸੂਬੇ ਕਵੀਨਜ਼ਲੈਂਡ ਵਿੱਚ ਇੱਕ ਹਾਈਵੇਅ 'ਤੇ ਦੋ ਟਰੱਕਾਂ ਦੀ ਭਿਆਨਕ ਟੱਕਰ ਹੋਣ ਤੋਂ ਬਾਅਦ ਇੱਕ ਔਰਤ ਅਤੇ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਕਵੀਨਜ਼ਲੈਂਡ ਪੁਲਸ ਸਰਵਿਸ ਨੇ ਵੀਰਵਾਰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਰਾਤ ਲਗਭਗ 10:40 ਵਜੇ ਸਥਾਨਕ ਸਮੇਂ ਅਨੁਸਾਰ ਬ੍ਰਿਸਬੇਨ ਤੋਂ 550 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਕੈਨੂਨਾ ਕਸਬੇ ਨੇੜੇ ਦੋ ਟਰੱਕਾਂ ਦੀ ਟੱਕਰ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਟੀਮਾਂ ਮੌਕੇ 'ਤੇ ਪਹੁੰਚੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਦੋ ਟਰੱਕਾਂ ਵਿੱਚੋਂ ਇੱਕ ਟਰੱਕ ਵਿੱਚ ਸਵਾਰ ਦੋ ਯਾਤਰੀਆਂ, ਜਿਨ੍ਹਾਂ ਵਿੱਚ ਇੱਕ ਛੋਟਾ ਬੱਚਾ ਅਤੇ ਇੱਕ ਔਰਤ ਸ਼ਾਮਲ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸੇ ਵਾਹਨ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਦਕਿ ਦੂਜੇ ਟਰੱਕ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜਿਸ ਹਾਈਵੇਅ 'ਤੇ ਇਹ ਟੱਕਰ ਹੋਈ, ਉਹ ਫੋਰੈਂਸਿਕ ਕਰੈਸ਼ ਯੂਨਿਟ ਦੁਆਰਾ ਘਟਨਾ ਦੀ ਜਾਂਚ ਕੀਤੇ ਜਾਣ ਤੱਕ ਕੁਝ ਸਮੇਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ।
