ਹੂਤੀ ਬਾਗ਼ੀਆਂ ਦੇ ਹਮਲੇ ਮਗਰੋਂ UAE ''ਚ ਦਹਿਸ਼ਤ ! ਕਈ ਫਲਾਈਟਾਂ ਰੱਦ
Wednesday, Jul 15, 2026 - 06:12 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਏਅਰਪੋਰਟ ’ਤੇ ਮਿਜ਼ਾਈਲ ਅਤੇ ਡਰੋਨ ਨਾਲ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਏਅਰਲਾਈਨਜ਼ ਨੂੰ ਸਾਊਦੀ ਏਅਰਸਪੇਸ (ਹਵਾਈ ਖੇਤਰ) ਤੋਂ ਉਡਾਣ ਨਾ ਭਰਨ ਦੀ ਚਿਤਾਵਨੀ ਦਿੱਤੀ ਹੈ। ਇਸ ਹਮਲੇ ਦੇ ਨਾਲ ਹੀ ਇਲਾਕੇ ਵਿਚ ਇਕ ਨਵਾਂ ਟਕਰਾਓ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹੂਤੀਆਂ ਨੇ ਇਸ ਨੂੰ ਯਮਨ ਦੀ ਰਾਜਧਾਨੀ ਸਨਾ ਏਅਰਪੋਰਟ ’ਤੇ ਹੋਏ ਹਮਲਿਆਂ ਦਾ ਬਦਲਾ ਦੱਸਿਆ ਅਤੇ ਇਸ ਦੇ ਲਈ ਸਾਊਦੀ ਅਰਬ ਨੂੰ ਜ਼ਿੰਮੇਵਾਰ ਠਹਿਰਾਇਆ।
ਹੂਤੀ ਫ਼ੌਜੀ ਬੁਲਾਰੇ ਯਾਹਿਆ ਸੂਰੀ ਨੇ ਸਾਊਦੀ ਅਰਬ ਖ਼ਿਲਾਫ਼ ਹਮਲਿਆਂ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਸਾਊਦੀ ਅਰਬ ਦੇ ਆਭਾ ਇੰਟਰਨੈਸ਼ਨਲ ਏਅਰਪੋਰਟ ’ਤੇ ਹਵਾਈ ਹਮਲੇ ਲਈ ਬੈਲਿਸਟਿਕ ਮਿਜ਼ਾਈਲਾਂ ਅਤੇ ਮਨੁੱਖ ਰਹਿਤ ਹਵਾਈ ਵਾਹਨਾਂ (ਡਰੋਨਾਂ) ਦੀ ਵਰਤੋਂ ਕੀਤੀ ਗਈ। ਉਸ ਨੇ ਸਾਰੀਆਂ ਏਅਰਲਾਈਨਜ਼ ਨੂੰ ਸਾਊਦੀ ਅਰਬ ਦੇ ਹਵਾਈ ਖੇਤਰ ਦੇ ਉੱਪਰੋਂ ਉਡਾਣ ਨਾ ਭਰਨ ਦੀ ਚਿਤਾਵਨੀ ਦਿੱਤੀ।
ਸੂਰੀ ਨੇ ਕਿਹਾ ਕਿ ਜਦੋਂ ਤੱਕ ਸਨਾ ਏਅਰਪੋਰਟ ’ਤੇ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ, ਉਦੋਂ ਤੱਕ ਇਨ੍ਹਾਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਸਾਊਦੀ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਮੁੱਖ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਖੁੱਲ੍ਹਿਆ ਹੋਇਆ ਹੈ ਅਤੇ ਹੋਰ ਰੂਟਾਂ ’ਤੇ ਸੰਚਾਲਨ ਆਮ ਵਾਂਗ ਹੈ ਪਰ ਵਧੇ ਤਣਾਅ ਕਾਰਨ ਗਲਫ਼ ਏਵੀਏਸ਼ਨ ਅਤੇ ਖੇਤਰੀ ਟ੍ਰੈਵਲ ਰੂਟ ’ਤੇ ਨਵਾਂ ਦਬਾਅ ਪੈ ਰਿਹਾ ਹੈ।
ਦੂਜੇ ਪਾਸੇ, ਅਮਰੀਕੀ ਸੈਂਟਰਲ ਕਮਾਂਡ ਨੇ ਬਾਅਦ ਵਿਚ ਕਿਹਾ ਕਿ ਲੱਗਭਗ 140 ਇਰਾਨੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ। ਮੌਜੂਦਾ ਤਣਾਅ ਕਾਰਨ 5,900 ਫਲਾਈਟਾਂ ਕੈਂਸਲ (ਰੱਦ) ਹੋ ਗਈਆਂ ਹਨ। ਯੂ. ਏ. ਈ. ਵਿਚ ਅਸਥਿਰ ਖੇਤਰੀ ਸੁਰੱਖਿਆ ਅਤੇ ਹਵਾਈ ਖੇਤਰ ਵਿਚ ਬਦਲਾਅ ਦੇ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਸ਼ਡਿਊਲ ’ਚ ਅਚਾਨਕ ਬਦਲਾਅ ਹੋ ਰਿਹਾ ਹੈ। ਅੰਤਰਰਾਸ਼ਟਰੀ ਉਡਾਣਾਂ ਅਤੇ ਏਅਰਪੋਰਟ ਅਥਾਰਟੀ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਏਅਰਲਾਈਨ ਦੀ ਵੈੱਬਸਾਈਟ ਜਾਂ ਐਪ ’ਤੇ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰਨ।
