PoK ''ਚ ਚੋਣਾਂ ਦੌਰਾਨ ਭਾਰੀ ਹੰਗਾਮਾ ; ਪ੍ਰਦਰਸ਼ਨਕਾਰੀਆਂ ਨੇ ਰੋਕੀਆਂ ਸੜਕਾਂ, ਕਈ ਥਾਵਾਂ ''ਤੇ ਵੋਟਿੰਗ ਰੱਦ

Tuesday, Aug 04, 2026 - 03:24 PM (IST)

PoK ''ਚ ਚੋਣਾਂ ਦੌਰਾਨ ਭਾਰੀ ਹੰਗਾਮਾ ; ਪ੍ਰਦਰਸ਼ਨਕਾਰੀਆਂ ਨੇ ਰੋਕੀਆਂ ਸੜਕਾਂ, ਕਈ ਥਾਵਾਂ ''ਤੇ ਵੋਟਿੰਗ ਰੱਦ

ਇੰਟਰਨੈਸ਼ਨਲ ਡੈਸਕ: ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਚੋਣਾਂ ਦੇ ਦੂਜੇ ਪੜਾਅ ਦੌਰਾਨ ਭਾਰੀ ਹਫੜਾ-ਦਫੜੀ, ਪ੍ਰਬੰਧਕੀ ਨਾਕਾਮੀ ਅਤੇ ਵਿਆਪਕ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ, ਜਿਸ ਕਾਰਨ ਇਹਨਾਂ ਚੋਣਾਂ ਦੀ ਭਰੋਸੇਯੋਗਤਾ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਵੱਲੋਂ ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (JAAC) ਦੀ ਅਗਵਾਈ ਵਿੱਚ ਕੀਤੇ ਗਏ ਤਿੱਖੇ ਵਿਰੋਧ ਕਾਰਨ ਕਈ ਹਲਕਿਆਂ ਵਿੱਚ ਚੋਣ ਅਮਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਸੂਤਰਾਂ ਅਨੁਸਾਰ, ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਸੜਕ ਜਾਮ ਕਾਰਨ ਚੋਣ ਅਧਿਕਾਰੀ ਅਤੇ ਪੋਲਿੰਗ ਸਮੱਗਰੀ ਕਈ ਪੋਲਿੰਗ ਸਟੇਸ਼ਨਾਂ ਤੱਕ ਪਹੁੰਚ ਹੀ ਨਹੀਂ ਸਕੀ। ਇਕੱਲੇ ਮੁਜ਼ੱਫਰਾਬਾਦ ਵਿੱਚ ਹੀ 71 ਪੋਲਿੰਗ ਸਟੇਸ਼ਨਾਂ 'ਤੇ ਚੋਣ ਅਮਲਾ ਨਹੀਂ ਪਹੁੰਚ ਸਕਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਕਈ ਇਲਾਕਿਆਂ ਵਿੱਚ ਵੋਟਿੰਗ ਮੁਲਤਵੀ ਕਰਨੀ ਪਈ। ਦੱਸ ਦੇਈਏ ਕਿ ਇਹ ਚੋਣਾਂ 21 ਹਲਕਿਆਂ ਵਿੱਚ ਹੋਣੀਆਂ ਸਨ, ਜਿਨ੍ਹਾਂ ਵਿੱਚੋਂ 9 ਮੁਜ਼ੱਫਰਾਬਾਦ ਡਿਵੀਜ਼ਨ ਵਿੱਚ ਅਤੇ 12 ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸ਼ਰਨਾਰਥੀ ਹਲਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ-   ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

ਐਤਵਾਰ ਨੂੰ ਹੋਏ ਇਹਨਾਂ ਪ੍ਰਦਰਸ਼ਨਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਰਾਵਲਾਕੋਟ ਵਿੱਚ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕਰਨ ਦੀਆਂ ਰਿਪੋਰਟਾਂ ਹਨ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਦਰਸ਼ਨਕਾਰੀ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਵਿਰੋਧ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਅਤੇ ਪੋਲਿੰਗ ਸਟੇਸ਼ਨਾਂ ਤੋਂ ਦੂਰੀ ਬਣਾਈ ਰੱਖੀ। ਇਹਨਾਂ ਚੋਣਾਂ ਦਾ ਵਿਰੋਧ ਸਿਰਫ਼ PoK ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਕਰਾਚੀ, ਇਸਲਾਮਾਬਾਦ ਅਤੇ ਰਾਵਲਪਿੰਡੀ ਵਰਗੇ ਪਾਕਿਸਤਾਨੀ ਸ਼ਹਿਰਾਂ ਵਿੱਚ ਵੀ ਕਸ਼ਮੀਰੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਚੋਣ ਪ੍ਰਕਿਰਿਆ ਦੀ ਨਿੰਦਾ ਕਰਦਿਆਂ ਸਿਆਸੀ ਸੁਧਾਰਾਂ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜਿਸ ਚੋਣ ਵਿੱਚ ਸਰਕਾਰੀ ਅਮਲਾ ਪੋਲਿੰਗ ਸਟੇਸ਼ਨਾਂ ਤੱਕ ਨਾ ਪਹੁੰਚ ਸਕੇ, ਉਸ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਰਹਿ ਜਾਂਦੀ।ਜ਼ਿਕਰਯੋਗ ਹੈ ਕਿ ਇਹ ਚੋਣਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸਿਆਸੀ ਅਸਥਿਰਤਾ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਸਾਏ ਹੇਠ ਕਰਵਾਈਆਂ ਜਾ ਰਹੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News