USA : ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦੀ ਕਾਰਵਾਈ ਲਈ ਸੈਸ਼ਨ ਸ਼ੁਰੂ
Wednesday, Jan 13, 2021 - 08:22 PM (IST)
ਵਾਸ਼ਿੰਗਟਨ- ਅਮਰੀਕੀ ਪ੍ਰਤੀਨਿਧੀ ਸਦਨ ਵਿਚ ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦੀ ਕਾਰਵਾਈ ਲਈ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਬੁੱਧਵਾਰ ਦੇਰ ਰਾਤ ਤੱਕ ਇਸ 'ਤੇ ਵੋਟਿੰਗ ਹੋ ਸਕਦੀ ਹੈ। 6 ਜਨਵਰੀ ਨੂੰ ਕੈਪੀਟੋਲ ਵਿਚ ਹੋਈ ਹਿੰਸਾ ਵਿਚ ਟਰੰਪ ਦੀ ਭੂਮਿਕਾ ਹੋਣ ਦਾ ਦੋਸ਼ ਲਾਇਆ ਗਿਆ ਹੈ। ਸਦਨ ਵਿਚ ਪਹਿਲੀ ਬਹਿਸ ਤਕਰੀਬਨ ਇਕ ਘੰਟਾ ਚੱਲੇਗੀ। ਉਸ ਤੋਂ ਬਾਅਦ ਸਦਨ ਵੋਟ ਕਰੇਗਾ।
ਡੋਨਾਲਡ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਦੂਜੀ ਵਾਰ ਮਹਾਂਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ, ਭਾਵੇਂ ਹੀ ਉਨ੍ਹਾਂ 'ਤੇ ਅੱਜ ਮਹਾਂਦੋਸ਼ ਸ਼ੁਰੂ ਹੋ ਰਿਹਾ ਹੈ ਪਰ ਟਰੰਪ ਫਿਲਹਾਲ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਸੰਭਾਵਤ ਤੌਰ 'ਤੇ 20 ਜਨਵਰੀ ਤੱਕ ਦਾ ਕਾਰਜਕਾਲ ਪੂਰਾ ਕਰ ਸਕਦੇ ਹਨ ਕਿਉਂਕਿ ਮਹਾਂਦੋਸ਼ ਲੱਗਣ ਤੋਂ ਬਾਅਦ ਵੀ ਉਨ੍ਹਾਂ ਨੂੰ ਹਟਾਉਣ ਲਈ ਸੈਨੇਟ ਵੱਲੋਂ ਦੋਸ਼ੀ ਠਹਿਰਾਇਆ ਜਾਣਾ ਜ਼ਰੂਰੀ ਹੋਵੇਗਾ। ਪ੍ਰਤੀਨਿਧੀ ਸਦਨ ਯਾਨੀ ਹੇਠਲੇ ਸਦਨ ਵਿਚ ਡੈਮੋਕਰੇਟ ਪਿਛਲੇ ਹਫ਼ਤੇ ਸੰਸਦ 'ਤੇ ਹੋਏ ਹਮਲੇ ਵਿਚ ਰਾਸ਼ਟਰਪਤੀ ਟਰੰਪ ਦਾ ਹੱਥ ਹੋਣ ਦਾ ਦੋਸ਼ ਲਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਹੇਠਲੇ ਸਦਨ ਵਿਚ ਸਥਾਨਕ ਸਮੇਂ ਦੁਪਹਿਰ ਤਿੰਨ ਵਜੇ ਤੱਕ ਮਹਾਂਦੋਸ਼ ਲਈ ਵੋਟਿੰਗ ਹੋ ਸਕਦੀ ਹੈ, ਜੋ ਕਿ ਟਰੰਪ ਖਿਲਾਫ਼ ਕਾਰਵਾਈ ਦੀ ਅਧਿਕਾਰਤ ਸ਼ੁਰੂਆਤ ਹੋਵੇਗੀ। ਹੇਠਲੇ ਸਦਨ ਵਿਚ ਡੈਮੋਕਰੇਟਸ ਦਾ ਬਹੁਮਤ ਹੈ ਅਤੇ ਇਸ ਲਈ ਵੋਟ ਪਾਸ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਮਾਮਲਾ ਸੈਨੇਟ ਵਿਚ ਜਾਵੇਗਾ ਜਿੱਥੇ ਉਨ੍ਹਾਂ 'ਤੇ ਜੁਰਮ ਤੈਅ ਕਰਨ ਦਾ ਫੈਸਲਾ ਹੋਵੇਗਾ।