ਓਨਟਾਰੀਓ ਦੇ ਹਸਪਤਾਲਾਂ ਦੀ ਭੀੜ ਘਟਾਉਣ ਲਈ 822 ਮਿਲੀਅਨ ਡਾਲਰ ਦਾ ਐਲਾਨ

Tuesday, Mar 27, 2018 - 01:04 AM (IST)

ਓਨਟਾਰੀਓ ਦੇ ਹਸਪਤਾਲਾਂ ਦੀ ਭੀੜ ਘਟਾਉਣ ਲਈ 822 ਮਿਲੀਅਨ ਡਾਲਰ ਦਾ ਐਲਾਨ

ਟੋਰਾਂਟੋ—ਓਨਟਾਰੀਓ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਲਿਬਰਲ ਸਰਕਾਰ ਸੂਬੇ ਦੇ ਲੋਕਾਂ ਨੂੰ ਇਕ ਪਿੱਛੋਂ ਇਕ ਸਹੂਲਤਾਂ ਦਾ ਐਲਾਨ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਸਿਰਫ ਦੋ ਮਹੀਨੇ ਪਹਿਲਾਂ ਪ੍ਰੀਮੀਅਰ ਕੈਥਲੀਨ ਵਿਨ ਨੇ ਹਸਪਤਾਲਾਂ 'ਤੇ 82 ਕਰੋੜ ਡਾਲਰ ਤੋਂ ਵੱਧ ਰਕਮ ਖਰਚ ਕਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਭੀੜ ਘਟਾਉਣ 'ਚ ਮਦਦ ਮਿਲੇਗੀ ਅਤੇ ਮਰੀਜ਼ਾਂ ਨੂੰ ਇਲਾਜ ਲਈ ਲੰਮੀ ਉਡੀਕ ਨਹੀਂ ਕਰਨੀ ਪਵੇਗੀ। ਨੌਰਥ ਯਾਰਕ ਜਨਰਲ ਹਸਪਤਾਲ 'ਚ ਫੰਡਾਂ ਦਾ ਐਲਾਨ ਕਰਦਿਆਂ ਕੈਥਲੀਨ ਵਿਨ ਨੇ ਕਿਹਾ ਕਿ ਇਸ ਰਕਮ 'ਚੋਂ ਲਗਭਗ 11 ਮਿਲੀਅਨ ਦਾ ਹਿੱਸਾ ਹਸਪਤਾਲ ਨੂੰ ਮਿਲੇਗਾ।

ਉਨ੍ਹਾਂ ਦਲੀਲ ਦਿੱਤੀ ਕਿ ਸੂਬੇ ਦੇ 143 ਹਸਪਤਾਲਾਂ ਲਈ ਐਲਾਨੀ ਗਈ ਇਹ ਰਕਮ ਪਹਿਲਾਂ ਦੇ ਮੁਕਾਬਲੇ 4.6 ਫੀਸਦੀ ਜ਼ਿਆਦਾ ਹੈ। ਦੂਜੇ ਪਾਸੇ ਓਨਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਪ੍ਰਧਾਨ ਐਂਥਨੀ ਡੋਲ ਨੇ ਕਿਹਾ ਕਿ 822 ਮਿਲੀਅਨ ਡਾਲਰ ਦਾ ਨਿਵੇਸ਼ ਸਵਾਗਤ ਦੇ ਕਾਬਲ ਹੈ ਪਰ ਇਸ ਰਕਮ ਨਾਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।


ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡਗ ਫ਼ੈਰਡ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਏ.ਟੀ. ਐੱਮ.ਵਾਂਗ ਵਰਤਿਆ ਅਤੇ ਪੀ.ਸੀ. ਪਾਰਟੀ ਦੀ ਸਰਕਾਰ ਆਉਣ ਪਿੱਛੋਂ ਲੋਕਾਂ ਦੇ ਪੈਸੇ 'ਤੇ ਚੱਲ ਰਹੀ ਪਾਰਟੀ ਦਾ ਭੋਗ ਪੈ ਜਾਵੇਗਾ। ਦੱਸਣਯੋਗ ਹੈ ਕਿ ਇਕ ਸਾਲ ਪਹਿਲਾਂ ਓਨਟਾਰੀਓ ਸਰਕਾਰ ਨੇ ਹਸਪਤਾਲਾਂ 'ਚ ਨਿਵੇਸ਼ ਕੀਤੀ ਜਾਣ ਵਾਲੀ ਰਕਮ 'ਚ 3.2 ਫੀਸਦੀ ਵਾਧਾ ਕੀਤਾ ਸੀ ਅਤੇ ਇਸ ਵਾਰ 5 ਫੀਸਦੀ ਤੋਂ ਜ਼ਿਆਦਾ ਵਾਧੇ ਦੀ ਉਮੀਦ ਕੀਤੀ ਜਾ ਰਹੀ ਸੀ।

ਕੈਥਲੀਨ ਵਿਨ ਵੱਲੋਂ ਐਲਾਨੀ ਗਈ 82.2 ਕਰੋੜ ਡਾਲਰ ਦੀ ਰਕਮ ਅਗਲੇ ਵਰ੍ਹੇ 'ਚ ਖਰਚ ਕੀਤੀ ਜਾਣੀ ਹੈ। 28 ਮਾਰਚ ਨੂੰ ਆਉਣ ਵਾਲੇ ਓਨਟਾਰੀਓ ਬਜਟ 'ਚ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਵੀ ਵਾਅਦਿਆਂ ਦੀ ਝੜੀ ਲਾਈ ਜਾ ਸਕਦੀ ਹੈ।


Related News