ਆਸਟ੍ਰੇਲੀਆ : ਸਿਡਨੀ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਦੇ ਉਡੇ ਪਰਖੱਚੇ
Sunday, Sep 30, 2018 - 01:00 PM (IST)

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਔਰਤਾਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ 2 ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਅਤੇ ਇਸ ਦੀ ਲਪੇਟ 'ਚ 2 ਹੋਰ ਕਾਰਾਂ ਆ ਗਈਆਂ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 7.45 ਵਜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਤੋਂ ਤੁਰੰਤ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ। ਇਹ ਹਾਦਸਾ ਗਲੇਨਮੋਰ ਪਾਰਕਵੇਅ ਨੇੜੇ ਉੱਤਰੀ ਰੋਡ 'ਤੇ ਵਾਪਰਿਆ। ਨਿਊ ਸਾਊਥ ਵੇਲਜ਼ ਪੁਲਸ ਮੁਤਾਬਕ ਇਕ 17 ਸਾਲਾ ਲੜਕੀ ਕਾਰ ਨੂੰ ਚਲਾ ਰਹੀ ਸੀ, ਜੋ ਕਿ ਕਾਰ ਚਲਾਉਣਾ ਸਿਖ ਰਹੀ। ਉਸ ਕਾਰ 'ਚ 23 ਸਾਲਾ ਗਰਭਵਤੀ ਔਰਤ ਪਿਛਲੀ ਸੀਟ 'ਤੇ ਬੈਠੀ ਸੀ। ਦੋਹਾਂ ਦੀ ਹਾਦਸੇ ਵਾਲੀ ਥਾਂ 'ਤੇ ਮੌਤ ਹੋ ਗਈ। ਦਰਅਸਲ ਉਲਟ ਦਿਸ਼ਾ 'ਚ ਆ ਰਹੀ ਕਾਰ ਦੀ ਦੂਜੀ ਕਾਰ ਨਾਲ ਟੱਕਰ ਹੋਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ।
ਅਧਿਕਾਰੀਆਂ ਮੁਤਾਬਕ ਇਸ ਭਿਆਨਕ ਟੱਕਰ ਵਿਚ ਦੋ ਹੋਰ ਕਾਰਾਂ ਲਪੇਟ ਵਿਚ ਆ ਗਈਆਂ। ਇਕ ਕਾਰ ਦੇ 18 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਦੂਜੀ ਕਾਰ ਵਿਚ ਸਵਾਰ 23 ਸਾਲਾ ਔਰਤ ਬਚ ਗਈ, ਉਸ ਨੂੰ ਕੋਈ ਸੱਟ ਨਹੀਂ ਲੱਗੀ। ਇਸ ਭਿਆਨਕ ਹਾਦਸੇ 'ਚ ਗਰਭਵਤੀ ਔਰਤ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਟੱਕਰ ਮਾਰਨ ਵਾਲੇ ਦੂਜੀ ਕਾਰ ਦਾ ਡਰਾਈਵਰ ਹਾਦਸੇ ਮਗਰੋਂ ਕਾਰ 'ਚ ਹੀ ਫਸ ਗਿਆ ਅਤੇ ਉਸ ਨੂੰ ਪੁਲਸ ਦੀ ਸੁਰੱਖਿਆ ਹੇਠ ਵੈਸਟਮੀਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਉਸ 'ਤੇ ਲਾਪਰਵਾਹੀ ਅਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲਾਏ ਹਨ।