ਹਾਂਗਕਾਂਗ ''ਚ 3 ਦਵਾਈਆਂ ਦੇ ਮਿਸ਼ਰਣ ਨਾਲ ਜਲਦੀ ਠੀਕ ਹੋਏ ਕੋਰੋਨਾ ਮਰੀਜ਼

Sunday, May 10, 2020 - 06:20 PM (IST)

ਹਾਂਗਕਾਂਗ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਜਦਕਿ ਪੂਰੀ ਦੁਨੀਆ ਦੇ ਵਿਗਿਆਨੀ ਇਸ ਵਾਇਰਸ ਦੀ ਦਵਾਈ ਅਤੇ ਟੀਕਾ ਬਣਾਉਣ ਵਿਚ ਲੱਗੇ ਹੋਏ ਹਨ। ਕੋਰੋਨਾਵਾਇਰਸ ਦੇ ਇਲਾਜ ਨੂੰ ਲੈ ਕੇ ਨਵੀਂ ਖੁਸ਼ਖਬਰੀ ਹਾਂਗਕਾਂਗ ਤੋਂ ਆ ਰਹੀ ਹੈ। ਹੁਣ ਹਾਂਗਕਾਂਗ ਦੇ ਹਸਪਤਾਲਾਂ ਵਿਚ ਡਾਕਟਰਾਂ ਨੇ 3 ਦਵਾਈਆਂ ਦੇ ਮਿਸ਼ਰਣ ਨਾਲ ਕੁਝ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕੀਤਾ ਹੈ। ਇਸ ਦਵਾਈ ਨਾਲ ਠੀਕ ਹੋਏ ਮਰੀਜ਼ਾਂ ਅਤੇ ਮੈਡੀਕਲ ਥੈਰੇਪੀ ਦੀ ਇਹ ਰਿਪੋਰਟ 'ਦੀ ਲੈਸੇਂਟ' ਵਿਚ ਪ੍ਰਕਾਸ਼ਿਤ ਹੋਈ ਹੈ। ਹਾਂਗਕਾਂਗ ਦੇ 6 ਸਰਕਾਰੀ ਹਸਪਤਾਲਾਂ ਵਿਚ ਹਾਂਗਕਾਂਗ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਕੋਰੋਨਾਵਾਇਰਸ ਨਾਲ ਇਨਫੈਕਟਿਡ 127 ਮਰੀਜ਼ਾਂ 'ਤੇ ਦਵਾਈਆਂ ਦਾ ਟ੍ਰਾਇਲ ਕੀਤਾ। ਇਹਨਾਂ ਵਿਚ 86 ਨੂੰ 3 ਦਵਾਈਆਂ ਦਾ ਮਿਸ਼ਰਨ ਜਦਕਿ 41 ਨੂੰ ਸਧਾਰਨ ਦਵਾਈਆਂ ਦੇ ਨਾਲ ਇਕ ਹੋਰ ਦਵਾਈ ਦਾ ਮਿਸ਼ਰਣ ਦਿੱਤਾ ਗਿਆ।

 

7 ਦਿਨਾਂ 'ਚ ਠੀਕ ਹੋਏ ਮਰੀਜ਼
ਡਾਕਟਰਾਂ ਦਾ ਕਹਿਣਾ ਹੈਕਿ 3 ਦਵਾਈਆਂ ਦਾ ਮਿਸ਼ਰਣ ਬਿਹਤਰ ਇਲਾਜ ਹੈ ਜਾਂ ਨਹੀਂ ਪਰ ਇਹ ਸਾਨੂੰ ਕੋਰੋਨਾਵਾਇਰਸ ਨਾਲ ਲੜਾਈ ਵਿਚ ਥੋੜ੍ਹਾ ਜ਼ਿਆਦਾ ਸਮਾਂ ਦੇ ਦੇਵੇਗਾ। ਤਾਂ ਜੋ ਇਸ ਸਮੇਂ ਦੌਰਾਨ ਅਸੀਂ ਕੋਰੋਨਾ ਨਾਲ ਲੜਨ ਲਈ ਕੋਈ ਵੈਕਸੀਨਾ ਜਾਂ ਦਵਾਈ ਬਣਾ ਸਕੀਏ। ਜਿਹੜੇ 86 ਮਰੀਜ਼ਾਂ ਨੂੰ 3 ਦਵਾਈਆਂ ਦਾ ਮਿਸ਼ਰਣ ਦਿੱਤਾ ਗਿਆ ਉਹ 7 ਦਿਨ ਵਿਚ ਠੀਕ ਹੋ ਗਏ ਮਤਲਬ ਕੋਰੋਨਾ ਪੌਜੇਟਿਵ ਤੋਂ ਕੋਰੋਨਾ ਨੈਗੇਟਿਵ ਹੋ ਗਏ। ਉਹਨਾਂ ਨੂੰ ਹਸਪਤਾਲ ਤੋਂ ਘਰ ਵਾਪਸ ਭੇਜ ਦਿੱਤਾ ਗਿਆ ਜਦਕਿ ਦੂਜਾ ਗਰੁੱਪ ਉਸ ਸਮੇਂ ਵੀ ਜੇਰੇ ਇਲਾਜ ਸੀ। ਭਾਵੇਂਕਿ 3 ਦਵਾਈਆਂ ਦਾ ਇਹ ਮਿਸ਼ਰਣ ਉਹਨਾਂ ਮਰੀਜ਼ਾਂ ਨੂੰ ਦਿੱਤਾ ਗਿਆ ਸੀ ਜੋ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬੀਮਾਰ ਨਹੀਂ ਸਨ। ਹਾਂਗਕਾਂਗ ਦੇ 6 ਹਸਪਤਾਲਾਂ ਵਿਚ ਜਿਹੜੇ 86 ਲੋਕਾਂ ਨੂੰ 3 ਦਵਾਈਆਂ ਦਾ ਮਿਸ਼ਰਣ ਦਿੱਤਾ ਗਿਆ ਉਹ ਇਸ ਲਈ ਜਲਦੀ ਠੀਕ ਹੋ ਗਏ ਕਿਉਂਕਿ ਇਸ ਵਿਚ 3 ਐਂਟੀਬੈਕਟੀਰੀਅਲ ਦਵਾਈਆਂ ਹਨ।  

ਤਿੰਨ ਦਵਾਈਆਂ ਦੇ ਨਾਮ
ਪਹਿਲੀ ਐਂਟੀਵਾਇਰਲ ਦਵਾਈ ਲੋਪਿਨਾਵਿਰ-ਰਿਟੋਨਾਵਿਰ (ਬਾਂਡ ਨੇਮ-ਕਾਲੇਟ੍ਰਾ) (lopinavir-ritonavir-kaletra) ਹੈ।ਦੂਜੀ ਦਵਾਈ ਰਿਬਾਵਿਰਿਨ (Ribavirin)ਹੈ, ਇਹ ਹੇਪੇਟਾਈਟਸ-ਸੀ ਦੇ ਇਲਾਜ ਵਿਚ ਕੰਮ ਆਉਂਦੀ ਹੈ। ਦੋਵੇਂ ਦਵਾਈਆਂ ਖਾਧੀਆਂ ਜਾਂਦੀਆਂ ਹਨ। ਤੀਜੀ ਦਵਾਈ ਟੀਕਾ ਹੈ। ਇਸ ਦਾ ਨਾਮ ਇੰਟਰਫੇਰਾਨ ਬੀਟਾ-1ਬੀ (Interferon Beta-1B) ਹੈ। ਇਹ ਦਵਾਈ ਸਵਲੇਰੋਸਿਸ ਨੂੰ ਠੀਕ ਕਰਦੀ ਹੈ ਤਾਂ ਜੋ ਸਰੀਰ ਵਿਚ ਦਰਦ, ਸੋਜ ਅਤੇ ਵਾਇਰਸ ਨਾ ਫੈਲੇ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇੰਟਰਫੇਰਾਨ ਬੀਟਾ-1ਬੀ ਦਵਾਈ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਮਤਲਬ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੀ ਹੈ ਤਾਂ ਜੋ ਇਨਸਾਨ ਦਾ ਸਰੀਰ ਕਿਸੇ ਵੀ ਵਾਇਰਸ ਨਾਲ ਸੰਘਰਸ਼ ਕਰ ਸਕੇ।

 

ਦੂਜੇ ਗਰੁੱਪ ਦੇ ਮਰੀਜ਼ਾਂ ਦਾ ਹਾਲ
ਦੂਜੇ ਗਰੁੱਪ ਵਿਚ 41 ਮਰੀਜ਼ ਸਨ, ਉਹਨਾਂ ਨੂੰ ਸਿਰਫ ਸਧਾਰਨ ਦਵਾਈਆਂ ਦੇ ਨਾਲ ਲੋਪਿਨਾਵਿਰ-ਰਿਟੋਨਾਵਿਰ ਦਿੱਤਾ ਗਿਆ ਸੀ ਭਾਵੇਂਕਿ ਲੋਪਿਨਾਵਿਰ-ਰਿਟੋਨਾਵਿਰ ਨੂੰ ਕੁਝ ਡਾਕਟਰਾਂ ਨੇ ਵਰਤਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਦਵਾਈਆਂ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਕਾਰਗਰ ਨਹੀਂ ਹੈ। 3 ਦਵਾਈਆਂ ਵਾਲਾ ਮਿਸ਼ਰਣ ਲੈਣ ਵਾਲੇ ਮਰੀਜ਼ 7 ਦਿਨ ਵਿਚ ਠੀਕ ਹੋ ਗਏ ਜਦਕਿ ਸਿਰਫ ਲੋਪਿਨਾਵਿਰ-ਰਿਟੋਨਾਵਿਰ ਵਾਲੀ ਦਵਾਈ ਵਾਲੇ ਮਰੀਜ਼ 12 ਦਿਨ ਵਿਚ ਠੀਕ ਹੋਏ। ਇੰਨਾ ਹੀ ਨਹੀਂ 3 ਦਵਾਈਆਂ ਦੇ ਮਿਸ਼ਰਣ ਨੇ ਕੋਵਿਡ-19 ਦੇ ਲੱਛਣਾਂ ਨੂੰ ਵੀ 8 ਦਿਨ ਤੋਂ ਘਟਾ ਕੇ 4 ਦਿਨ ਵਿਚ ਠੀਕ ਕਰ ਦਿੱਤਾ। 

ਕੈਨੇਡਾ ਦੇ ਡਾਕਟਰ ਦੀ ਰਾਏ
ਕੈਨੇਡਾ ਦੇ ਓਂਟਾਰੀਓ ਵਿਚ ਸਥਿਤ ਵੈਸਟਨ ਯੂਨੀਵਰਸਿਟੀ ਵਿਚ ਛੂਤ ਦੇ ਰੋਗਾਂ ਦੇ ਮਾਹਰ ਡਾਕਟਰ ਸਾਰਾਹ ਸ਼ਲਹਾਬ ਨੇ ਕਿਹਾ ਕਿ ਇਹ ਇਕ ਚੰਗੀ ਖਬਰ ਹੈ। ਜੇਕਰ ਇਹਨਾਂ ਤਿੰਨ ਦਵਾਈਆਂ ਨਾਲ ਮਰੀਜ਼ਾਂ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ। ਇਸ ਨਾਲ ਮਰੀਜ਼ਾਂ ਨੂੰ ਥੋੜ੍ਹਾ ਸਮਾਂ ਹਸਪਤਾਲ ਵਿਚ ਰਹਿਣ ਪਵੇਗਾ। ਉਹ ਜਲਦੀ ਠੀਕ ਹੋਣਗੇ ਤਾਂ ਬਾਕੀ ਮਰੀਜ਼ਾਂ ਨੂੰ ਹਸਪਤਾਲ ਵਿਚ ਜਲਦੀ ਇਲਾਜ ਦਾ ਮੌਕਾ ਮਿਲੇਗਾ। ਡਾਕਟਰ ਸਾਰਾਹ ਨੇ ਕਿਹਾ ਕਿ ਪਰ ਤਿੰਨ ਦਵਾਈਆਂ ਦਾ ਮਿਸ਼ਰਣ ਉਹਨਾਂ ਮਰੀਜ਼ਾਂ ਦੇ ਲਈ ਨਹੀਂ ਹੈ ਜੋ ਗੰਭੀਰ ਰੂਪ ਨਾਲ ਬੀਮਾਰ ਹਨ ਜਾਂ ਆਈ.ਸੀ.ਯੂ. ਵਿਚ ਹਨ। ਉਹਨਾਂ ਲਈ ਇਹਨਾਂ ਦਵਾਈਆਂ ਦਾ ਪਰੀਖਣ ਬਾਕੀ ਹੈ। ਅਸੀਂ ਸਿਰਫ ਆਸ ਕਰ ਸਕਦੇ ਹਾਂ ਕਿ ਇਹਨਾਂ ਦਵਾਈਆਂ ਨਾਲ ਗੰਭੀਰ ਮਰੀਜ਼ਾਂ ਦਾ ਇਲਾਜ ਵੀ ਸੰਭਵ ਹੋ ਸਕੇ।
 


Vandana

Content Editor

Related News