ਅੰਮ੍ਰਿਤਧਾਰੀ ਸੁਖਦੀਪ ਕੌਰ ਹਾਂਗਕਾਂਗ ਜੇਲ ਵਿਭਾਗ 'ਚ ਬਣੀ ਅਧਿਕਾਰੀ

12/8/2019 1:53:05 PM

ਹਾਂਗਕਾਂਗ (ਬਿਊਰੋ): ਹਾਂਗਕਾਂਗ ਜੇਲ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ। ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਔਰਤ ਦੀ ਜੇਲ ਵਿਭਾਗ ਵਿਚ ਨਿਯੁਕਤੀ ਕੀਤੀ ਗਈ ਹੈ। 24 ਸਾਲਾ ਸੁਖਦੀਪ ਕੌਰ ਅੰਮ੍ਰਿਤਧਾਰੀ ਹੈ ਅਤੇ ਸਿਰ 'ਤੇ ਦਸਤਾਰ ਸਜਾਉਂਦੀ ਹੈ। ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਭੁੱਚਰ ਖੁਰਦ ਨਾਲ ਸਬੰਧਤ ਸੁਖਦੀਪ ਕੌਰ ਕਰੀਬ 14 ਸਾਲਾਂ ਤੋਂ ਹਾਂਗਕਾਂਗ ਵਿਚ ਰਹਿ ਰਹੀ ਹੈ ਅਤੇ ਉਸ ਦੀ ਤਾਇਨਾਤੀ ਹਾਂਗਕਾਂਗ ਦੀ ਲੋ-ਵੂ ਸਥਿਤ ਔਰਤਾਂ ਦੀ ਜੇਲ ਵਿਚ ਕੀਤੀ ਗਈ ਹੈ। 

ਸੁਖਦੀਪ ਕੌਰ ਦਾ ਕਹਿਣਾ ਹੈ ਕਿ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ। 23 ਹਫਤੇ ਦੀ ਸਿਖਲਾਈ ਦੌਰਾਨ ਉਸ ਦੀਆਂ ਧਾਰਮਿਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵੱਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਲਈ ਵਿਸ਼ੇਸ਼ ਤੌਰ 'ਤੇ ਵੱਖਰੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ। 

ਦਸਤਾਰਧਾਰੀ ਔਰਤ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋਂ ਦੂਜੇ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸੁਖਦੀਪ ਕੌਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਜੇਲ ਵਿਭਾਗ ਵਿਚ ਉੱਚੇ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਮ ਅਤੇ ਵਿਲੱਖਣ ਪਛਾਣ ਨੂੰ ਉੱਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ।


Vandana

Edited By Vandana