ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾਉਣ ਦਾ ਮੁੱਦਾ ਗਰਮਾਇਆ

Tuesday, Sep 09, 2025 - 12:56 PM (IST)

ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾਉਣ ਦਾ ਮੁੱਦਾ ਗਰਮਾਇਆ

ਗੁਰਦਾਸਪੁਰ/ਸਿੰਧ ਪ੍ਰਾਂਤ (ਵਿਨੋਦ)- ਪਾਕਿਸਤਾਨ 'ਚ ਤਿੰਨ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਦੇ ਅਗਵਾਕਾਰਾਂ ਨਾਲ ਵਿਆਹ ਕਰਵਾਉਣ ਦਾ ਮੁੱਦਾ ਗਰਮਾ ਗਿਆ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਹੁਣ ਤਿੰਨਾਂ ਕੁੜੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਮੌਲਵੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਅਦਾਲਤ ਵਿੱਚ ਅਗਵਾਕਾਰਾਂ ਦੇ ਹੱਕ ਵਿੱਚ ਬਿਆਨ ਨਹੀਂ ਦਿੱਤਾ ਤਾਂ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਜਾਵੇਗਾ।

ਸਿੰਧ ਸੂਬੇ ਵਿੱਚ ਤਿੰਨ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਉਨ੍ਹਾਂ ਦੇ ਨਾਮ ਵੀ ਬਦਲ ਦਿੱਤੇ ਗਏ ਹਨ ਅਤੇ ਫਿਰ ਉਨ੍ਹਾਂ ਦਾ ਵਿਆਹ ਉਨ੍ਹਾਂ ਮੁਸਲਿਮ ਮੁੰਡਿਆਂ ਨਾਲ ਕਰਵਾ ਦਿੱਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ। ਭਾਰਤ ਦੇ ਗੁਆਂਢੀ ਇਸਲਾਮੀ ਦੇਸ਼ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਅੱਤਿਆਚਾਰਾਂ ਦੀਆਂ ਖ਼ਬਰਾਂ ਕੋਈ ਨਵੀਆਂ ਨਹੀਂ ਹਨ। ਸਿੰਧ ਸੂਬੇ ਤੋਂ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਮੁੰਡਿਆਂ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਸਿੰਧ ਦੇ ਟੰਡੋ ਅੱਲ੍ਹਾਯਾਰ ਜ਼ਿਲ੍ਹੇ ਵਿੱਚ ਇੱਕ ਨਹੀਂ ਸਗੋਂ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੁੜੀਆਂ ਦੇ ਪਰਿਵਾਰਾਂ ਨੇ ਇਸ ਸਬੰਧੀ ਐੱਫ.ਆਈ.ਆਰ ਦਰਜ ਕਰਵਾਈਆਂ ਹਨ।

ਸੂਤਰਾਂ ਅਨੁਸਾਰ ਇਸ ਸਾਲ ਜੁਲਾਈ ਵਿੱਚ ਜ਼ਿਲ੍ਹੇ ਦੇ ਸੁਲਤਾਨਾਬਾਦ ਥਾਣੇ ਵਿੱਚ ਤਿੰਨ ਵੱਖ-ਵੱਖ ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ, ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕੋ ਥਾਣੇ ਦੇ ਵੱਖ-ਵੱਖ ਇਲਾਕਿਆਂ ਤੋਂ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ ਅਤੇ ਜ਼ਬਰਦਸਤੀ ਉਨ੍ਹਾਂ ਮੁਸਲਮ ਮੁੰਡਿਆਂ ਨਾਲ ਵਿਆਹ ਕਰਵਾਇਆ ਗਿਆ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ। ਪੁਲਸ ਸਟੇਸ਼ਨ ਵਿੱਚ ਦਰਜ ਐੱਫ.ਆਈ.ਆਰ ਦੇ ਅਨੁਸਾਰ ਤਿੰਨ ਕੁੜੀਆਂ - ਖੇਂਚੀ ਕੋਲਹੀ, ਲਤਾ ਮੇਘਵਧ ਅਤੇ ਮੀਨਾ ਮੇਘਵਧ - ਨੂੰ ਅਗਵਾ ਕੀਤਾ ਗਿਆ ਸੀ ਅਤੇ ਫਿਰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਸੀ ਅਤੇ ਫਿਰ ਉਸੇ ਦਿਨ ਮੁਸਲਮ ਮੁੰਡਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ।

ਪੁਲਸ ਕੋਲ ਐੱਫ.ਆਈ.ਆਰ ਦਰਜ ਹੋਣ ਤੋਂ ਬਾਅਦ ਪਰਿਵਾਰ ਨੇ ਥਾਣੇ ਦੇ ਬਾਹਰ ਬੈਠ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਪਰਿਵਾਰ ਨੇ ਮੰਗ ਕੀਤੀ ਕਿ ਉਹ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਨ ਤੱਕ ਆਪਣਾ ਵਿਰੋਧ ਖਤਮ ਨਹੀਂ ਕਰਨਗੇ। ਪਰ ਬਾਅਦ ਵਿੱਚ ਪੁਲਸ ਨੇ ਤਿੰਨਾਂ ਕੁੜੀਆਂ ਦੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਅਤੇ ਫਿਰ ਪਰਿਵਾਰਕ ਮੈਂਬਰਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ।

ਇਸ ਦੌਰਾਨ ਪੁਲਸ ਨੇ ਫਿਰ ਤਿੰਨਾਂ ਕੁੜੀਆਂ ਨੂੰ ਉਨ੍ਹਾਂ ਦੇ ਅਗਵਾਕਾਰਾਂ ਸਮੇਤ ਸਿੰਧ ਹਾਈ ਕੋਰਟ ਦੇ ਹੈਦਰਾਬਾਦ ਸਰਕਟ ਬੈਂਚ ਦੇ ਸਾਹਮਣੇ ਪੇਸ਼ ਕੀਤਾ। ਫਿਰ ਅਦਾਲਤ ਦੇ ਸਾਹਮਣੇ, ਤਿੰਨਾਂ ਕੁੜੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਆਪਣੇ ਕਥਿਤ ਮੁਸਲਮ ਪ੍ਰੇਮੀਆਂ ਨਾਲ ਵਿਆਹ ਵੀ ਕੀਤਾ ਹੈ। ਤਿੰਨਾਂ ਕੁੜੀਆਂ ਦੇ ਹਿੰਦੂ ਨਾਮ ਵੀ ਬਦਲ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਨਾਮ ਕਲਸੁਮ (ਖੇਂਚੀ ਕੋਲਹੀ), ਬਿਸਮਾ (ਲਤਾ ਮੇਘਵਧ) ਅਤੇ ਸਮਾਈਮਾ (ਮੀਨਾ ਮੇਘਵਧ) ਰੱਖਿਆ ਗਿਆ ਹੈ। ਸਿੰਧ ਅਦਾਲਤ ਨੇ ਤਿੰਨਾਂ ਕੁੜੀਆਂ ਅਤੇ ਉਨ੍ਹਾਂ ਦੇ ਕਥਿਤ ਪਤੀਆਂ ਨੂੰ ਜ਼ਮਾਨਤ ਦੇ ਦਿੱਤੀ। ਪਰ ਹੁਣ ਸ਼ਨੀਵਾਰ ਨੂੰ ਤਿੰਨਾਂ ਕੁੜੀਆਂ ਨੇ ਅਦਾਲਤ ਵਿੱਚ ਇੱਕ ਸਾਂਝੀ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ ਸੀ, ਤਾਂ ਮੌਲਵੀ ਮਿਠਥੂ ਮੀਆਂ, ਜਿਸ ਨੇ ਉਨ੍ਹਾਂ ਦਾ ਜ਼ਬਰਦਸਤੀ ਵਿਆਹ ਕਰਵਾਇਆ ਸੀ, ਨੇ ਸਾਨੂੰ ਧਮਕੀ ਦਿੱਤੀ ਸੀ ਕਿ ਜੇਕਰ ਅਸੀਂ ਅਦਾਲਤ ਵਿੱਚ ਆਪਣੇ ਪਤੀਆਂ ਵਿਰੁੱਧ ਬਿਆਨ ਦਿੱਤਾ, ਤਾਂ ਤਿੰਨਾਂ ਦੇ ਪਰਿਵਾਰਾਂ ਨੂੰ ਆਪਣੀ ਜਾਨ ਗੁਆਉਣੀ ਪਵੇਗੀ। ਜਿਸ ਕਾਰਨ ਅਸੀਂ ਅਦਾਲਤ ਵਿੱਚ ਉਹੀ ਬਿਆਨ ਦਿੱਤਾ ਜੋ ਮੌਲਵੀ ਮੀਆਂ ਮਿਠਥੂ ਅਤੇ ਵਕੀਲ ਨੇ ਲਿਖਿਆ ਸੀ।

ਤਿੰਨਾਂ ਕੁੜੀਆਂ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ ਤੋਂ ਬਾਅਦ ਤਿੰਨਾਂ ਕੁੜੀਆਂ ਨੂੰ ਇੱਕ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ ਅਤੇ ਸਿੰਧ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਇਕਬਾਲ ਅਹਿਮਦ ਦੇਥੋ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਇੱਕ ਪੱਤਰ ਲਿਖ ਕੇ ਤਿੰਨਾਂ ਧਰਮ ਪਰਿਵਰਤਨ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੱਤਰ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ ਕਿ ਤਿੰਨੋਂ ਕੁੜੀਆਂ ਨਾਬਾਲਗ ਹਨ ਅਤੇ ਉਨ੍ਹਾਂ ਦੇ ਬਿਆਨ ਦੁਬਾਰਾ ਲਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਉਮਰ ਦੀ ਸਹੀ ਢੰਗ ਨਾਲ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੁੜੀਆਂ ਨਾਬਾਲਗ ਹਨ, ਤਾਂ ਉਨ੍ਹਾਂ ਦਾ ਵਿਆਹ ਸਿੰਧ ਬਾਲ ਵਿਆਹ ਰੋਕੂ ਐਕਟ, 2013 ਦੇ ਤਹਿਤ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਨਿਕਾਹ ਕਰਵਾਉਣ ਵਾਲੇ ਮੌਲਵੀ ਦੇ ਨਾਲ-ਨਾਲ ਉਨ੍ਹਾਂ ਦੇ ਪਤੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ।

ਪਾਕਿਸਤਾਨ ਹਿੰਦੂ ਕੌਂਸਲ ਨੇ ਵੀ ਮਾਮਲੇ ਦੀ ਜਾਂਚ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਅਤੇ ਅਗਵਾਕਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿੱਚ ਨਾਬਾਲਗ ਹਿੰਦੂ ਕੁੜੀਆਂ ਦਾ ਅਗਵਾ ਹੋਣਾ ਇੱਕ ਆਮ ਗੱਲ ਹੋ ਗਈ ਹੈ। ਪਰ ਇਸ ਮਾਮਲੇ ਨੇ ਜੋ ਨਵਾਂ ਮੋੜ ਲਿਆ ਹੈ, ਉਸਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਰੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
 


author

DIsha

Content Editor

Related News