ਪਾਕਿ 'ਚ ਹਿੰਦੂ ਔਰਤ ਦੇ ਸਸਕਾਰ ਮਗਰੋਂ ਅਸਥੀਆਂ ਦੀ ਬੇਅਦਬੀ, ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

10/03/2022 4:57:46 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਔਰਤ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਅਸਥੀਆਂ ਦੀ ਬੇਅਦਬੀ ਕਰਨ ਤੋਂ ਨਾਰਾਜ਼ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਇਸ ਧਰਨੇ ਵਿੱਚ ਮੁਸਲਿਮ ਧਾਰਮਿਕ ਆਗੂਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਹਿੰਦੂਆਂ ਨਾਲ ਇੱਕਮੁੱਠਤਾ ਦਿਖਾਉਂਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਆਧੁਨਿਕ ਭਾਰਤੀ ਇਤਿਹਾਸ ’ਚ ‘ਸਭ ਤੋਂ ਕਾਲੇ’ ਸਾਲਾਂ ’ਚ ਸ਼ਾਮਲ ਹੈ 1984 : ਅਮਰੀਕੀ ਸੈਨੇਟਰ

'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਹਿੰਦੂ ਭਾਈਚਾਰੇ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ ਹਾਲ ਹੀ 'ਚ ਇਕ ਹਿੰਦੂ ਔਰਤ ਦੀ ਮੌਤ ਤੋਂ ਬਾਅਦ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਮ੍ਰਿਤਕ ਦੀਆਂ ਅਸਥੀਆਂ ਨਾਲ ਬੇਅਦਬੀ ਕਰਦੇ ਹੋਏ ਉਨ੍ਹਾਂ ਨੂੰ ਇਧਰ-ਉਧਰ ਸੁੱਟ ਦਿੱਤਾ। ਖ਼ਬਰਾਂ ਮੁਤਾਬਕ ਹਿੰਦੂ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਐਤਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੀਆਂ ਸੜਕਾਂ 'ਤੇ ਰੋਸ ਮਾਰਚ ਕੱਢਿਆ। ਘੱਟ ਗਿਣਤੀ ਭਾਈਚਾਰੇ ਦੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਸ਼ਾਹੀ ਬਾਜ਼ਾਰ ਇਲਾਕੇ ਵਿੱਚ ਇਕੱਠੇ ਹੋਏ। ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੁੜ ਰੋਸ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ: UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News