ਪਾਕਿਸਤਾਨ ''ਚ ਮੰਦਰ ਦੀ ਜ਼ਮੀਨ ''ਤੇ ਨਾਜਾਇਜ਼ ਕਬਜ਼ੇ ਵਿਰੁੱਧ ਹਿੰਦੂ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ
Monday, Jun 02, 2025 - 02:29 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਹੈਦਰਾਬਾਦ ਸ਼ਹਿਰ ਵਿੱਚ ਇੱਕ ਇਤਿਹਾਸਕ ਮੰਦਰ ਦੀ ਛੇ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਕਰਾਚੀ ਤੋਂ ਲਗਭਗ 185 ਕਿਲੋਮੀਟਰ ਦੂਰ ਮੂਸਾ ਖਟੀਆਂ ਜ਼ਿਲ੍ਹੇ ਦੇ ਟੰਡੋ ਜਾਮ ਕਸਬੇ ਵਿੱਚ ਹੋਇਆ। ਹਿੰਦੂ ਭਾਈਚਾਰੇ ਦੀ ਆਗੂ ਸੀਤਲ ਮੇਘਵਾਰ ਨੇ ਮੀਡੀਆ ਨੂੰ ਦੱਸਿਆ, "ਇਹ ਲੋਕ ਪਹਿਲਾਂ ਹੀ ਮੂਸਾ ਖਟੀਆਂ ਵਿੱਚ ਸ਼ਿਵ ਮੰਦਰ ਸ਼ਿਵਾਲਾ ਦੀ ਜ਼ਮੀਨ 'ਤੇ ਗ਼ੈਰ-ਕਾਨੂੰਨੀ ਉਸਾਰੀ ਸ਼ੁਰੂ ਕਰ ਚੁੱਕੇ ਹਨ।"
ਹਿੰਦੂ ਭਾਈਚਾਰੇ ਦੇ ਕਲਿਆਣ ਅਤੇ ਅਧਿਕਾਰਾਂ ਲਈ ਲੜਨ ਵਾਲੇ ਪਾਕਿਸਤਾਨ ਦਲਿਤ ਇਤੇਹਾਦ-ਪਾਕਿਸਤਾਨ ਦ੍ਰਾਵਿੜ ਅਲਾਇੰਸ (ਪੀ.ਡੀ.ਆਈ) ਦੇ ਸੱਦੇ 'ਤੇ ਪ੍ਰਦਰਸ਼ਨਕਾਰੀ ਬਾਹਰ ਆਏ। ਇੱਕ ਹੋਰ ਭਾਈਚਾਰੇ ਦੇ ਆਗੂ ਰਾਮ ਸੁੰਦਰ ਨੇ ਕਿਹਾ, "ਮੰਦਰ ਸਾਡੇ ਲਈ ਪਵਿੱਤਰ ਹੈ ਅਤੇ ਇਨ੍ਹਾਂ ਬਿਲਡਰਾਂ ਨੇ ਮੰਦਰ ਦੇ ਆਲੇ-ਦੁਆਲੇ ਦੀ ਜ਼ਮੀਨ 'ਤੇ ਉਸਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਭਾਈਚਾਰੇ ਦਾ ਸ਼ਮਸ਼ਾਨਘਾਟ ਵੀ ਸ਼ਾਮਲ ਹੈ।" ਪ੍ਰਦਰਸ਼ਨਕਾਰੀਆਂ ਨੇ ਸਿੰਧ ਦੇ ਪ੍ਰਭਾਵਸ਼ਾਲੀ ਕਸ਼ਖੇਲੀ ਭਾਈਚਾਰੇ ਨਾਲ ਸਬੰਧਤ ਬਿਲਡਰਾਂ ਵਿਰੁੱਧ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਫਲਸਤੀਨ ਪੱਖੀ ਭਾਸ਼ਣ ਦੇਣ 'ਤੇ ਭਾਰਤੀ-ਅਮਰੀਕੀ ਵਿਦਿਆਰਥੀ 'ਤੇ ਵੱਡੀ ਕਾਰਵਾਈ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਧਰਨੇ ਦੇਣ ਤੋਂ ਬਾਅਦ, ਟੰਡੋ ਜਾਮ ਪ੍ਰੈਸ ਕਲੱਬ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਿਲਡਰ ਨੇ ਸ਼ਿਵ ਮੰਦਰ ਨੂੰ ਜਾਣ ਵਾਲੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਭਾਈਚਾਰੇ ਦੇ ਮੈਂਬਰਾਂ ਲਈ ਹਫਤਾਵਾਰੀ ਪ੍ਰਾਰਥਨਾ ਕਰਨੀ ਮੁਸ਼ਕਲ ਹੋ ਗਈ ਹੈ। ਪੀ.ਡੀ.ਆਈ ਮੁਖੀ ਸ਼ਿਵਾ ਕਾਚੀ ਨੇ ਕਿਹਾ, "ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਜ਼ਮੀਨ ਹੜੱਪਣ ਵਾਲਿਆਂ ਦੇ ਰਾਜਨੀਤਿਕ ਪ੍ਰਭਾਵ ਕਾਰਨ ਪੁਲਸ ਕਬਜ਼ੇ ਹਟਾਉਣ ਲਈ ਤਿਆਰ ਨਹੀਂ ਹੈ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਸਥਾਨਕ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦੇ ਹਨ ਤਾਂ ਉਹ ਅਗਲੇ ਪੜਾਅ ਵਿੱਚ ਹੈਦਰਾਬਾਦ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਇਨਸਾਫ਼ ਲਈ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।