ਜਾਰਜ਼ੀਆ : ਗ੍ਰਿਫਤਾਰੀ ਦੇ ਡਰ ਤੋਂ ਪਾਰਟੀ ਦਫਤਰ ''ਚ ਲੁਕੇ ਵਿਰੋਧੀ ਨੇਤਾ, ਪੁਲਸ ਨੇ ਗੇਟ ਤੋੜ ਕੀਤਾ ਕਾਬੂ
Thursday, Feb 25, 2021 - 01:17 AM (IST)
ਜਾਰਜ਼ੀਆ - ਜਾਰਜ਼ੀਆ ਵਿਚ ਵਿਰੋਧੀ ਧਿਰ ਦੇ ਨੇਤਾ ਨਿਕਾ ਮੇਲਿਆ ਨੂੰ ਮੰਗਲਵਾਰ ਨਾਟਕੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ। ਯੂਨਾਈਟਡ ਨੈਸ਼ਨਲ ਮੂਵਮੈਂਟ (ਯੂ. ਐੱਨ. ਐੱਮ.) ਦੇ ਹੈੱਡਕੁਆਰਟਰ ਦੇ ਬਾਹਰ ਗੇਟ 'ਤੇ ਤਾਲਾ ਲੱਗਾ ਸੀ। ਪੁਲਸ ਨੇ ਉਸ ਨੂੰ ਤੋੜਿਆ ਅਤੇ ਫਾਇਰ ਬ੍ਰਿਗੇਡ ਦੀ ਕ੍ਰੇਨ ਬੁਲਾ ਕੇ 6ਵੀਂ ਮੰਜ਼ਿਲ ਤੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਦਰਅਸਲ ਤਬਿਲਿਸੀ ਕੋਰਟ ਨੇ ਨਿਕਾ ਨੂੰ 2019 ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਵੱਡੇ ਪੈਮਾਨੇ 'ਤੇ ਹਿੰਸਾ ਪ੍ਰਾਯੋਜਿਤ ਕਰਨ ਦੇ ਦੋਸ਼ ਵਿਚ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿਚ ਲੈਣ ਦਾ ਆਦੇਸ਼ ਦਿੱਤਾ ਸੀ।
ਕੋਰਟ ਨੇ ਇਹ ਕਦਮ ਮੇਲਿਆ ਵੱਲੋਂ 12 ਹਜ਼ਾਰ ਡਾਲਰ (ਕਰੀਬ 9 ਲੱਖ ਰੁਪਏ) ਦੀ ਜ਼ਮਾਨਤ ਰਾਸ਼ੀ ਜਮ੍ਹਾ ਕਰਨ ਤੋਂ ਇਨਕਾਰ ਤੋਂ ਬਾਅਦ ਉਠਾਇਆ। ਇਸ ਦੇ ਚੱਲਦੇ ਉਹ ਪਾਰਟੀ ਦੇ ਹੈੱਡਕੁਆਰਟਰ ਵਿਚ ਲੁਕ ਗਏ ਸਨ। ਰਾਜਨੀਤਕ ਸੰਕਟ ਨਾਲ ਜੂਝ ਰਹੇ ਜਾਰਜ਼ੀਆ ਵਿਚ ਪ੍ਰਧਾਨ ਮੰਤਰੀ ਜਿਯੋਰਗੀ ਗਖਾਰਿਆ ਨੇ ਵੀਰਵਾਰ ਅਸਤੀਫਾ ਦੇ ਦਿੱਤਾ ਸੀ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਜੇ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 9 ਸਾਲ ਕੈਦ ਹੋ ਸਕਦੀ ਹੈ ਪਰ ਉਨ੍ਹਾਂ ਨੇ ਇਹ ਦੋਸ਼ ਰਾਜਨੀਤਕ ਪ੍ਰੇਰਿਤ ਦੱਸਿਆ।