ਹਿਜ਼ਬੁੱਲਾ ਨੇ ਹਵਾਈ ਹਮਲੇ ਦੇ ਜਵਾਬ ’ਚ ਕੀਤੇ ਇਜ਼ਰਾਈਲ ’ਤੇ ਰਾਕੇਟ ਹਮਲੇ

Saturday, Aug 03, 2024 - 11:38 AM (IST)

ਬੈਰੂਤ (ਯੂ. ਐੱਨ. ਆਈ.) - ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਐਲਾਨ ਕੀਤਾ ਕਿ ਉਸ ਨੇ ਦੱਖਣੀ ਲੇਬਨਾਨ ’ਤੇ ਹਵਾਈ ਹਮਲੇ ਦੇ ਜਵਾਬ ’ਚ ਇਜ਼ਰਾਈਲੀ ਟਿਕਾਣਿਆਂ ’ਤੇ ਰਾਕੇਟਾਂ ਨਾਲ ਹਮਲਾ ਕੀਤਾ, ਜਿਸ ’ਚ 4 ਸੀਰੀਆਈ ਮਾਰੇ ਗਏ।

ਸਮੂਹ ਨੇ ਕਿਹਾ ਕਿ ਚਾਮਾ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਅਤੇ ਕਈ ਨਾਗਰਿਕਾਂ ਦੀ ਸ਼ਹਾਦਤ ਦੇ ਜਵਾਬ ’ਚ, ਇਸਲਾਮਿਕ ਵਿਰੋਧੀ ਲੜਾਕਿਆਂ ਨੇ ਅੱਜ ਪੱਛਮੀ ਗੈਲਿਲੀ ’ਚ ਦੁਸ਼ਮਣ ਫੌਜ ਦੇ ਟਿਕਾਣਿਆਂ ਅਤੇ ਮਾਤਜ਼ੁਵਾ ਦੀ ਬਸਤੀ ’ਤੇ ਰਾਕੇਟਾਂ ਨਾਲ ਹਮਲਾ ਕੀਤਾ।

ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਜਲ ਅਲ-ਆਲਮ ਜਗ੍ਹਾ ’ਤੇ ਵੀ ਰਾਕੇਟ ਨਾਲ ਹਮਲਾ ਕੀਤਾ। ਲੇਬਨਾਨ ਦੇ ਫੌਜੀ ਸੂਤਰਾਂ ਨੇ ਦੱਸਿਆ ਕਿ ਲੇਬਨਾਨ ਦੀ ਫੌਜ ਨੇ ਇਜ਼ਰਾਈਲ ’ਚ ਦੋ ਵੱਖ-ਵੱਖ ਬੈਚਾਂ ’ਚ ਲੱਗਭਗ 70 ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੇ ਰਾਕੇਟ ਦਾਗਣ ਦੀ ਨਿਗਰਾਨੀ ਕੀਤੀ ਅਤੇ ਉਨ੍ਹਾਂ ’ਚੋਂ ਕੁਝ ਨੂੰ ਇਜ਼ਰਾਈਲੀ ਆਇਰਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਰੋਕ ਦਿੱਤਾ।

ਮੰਗਲਵਾਰ ਨੂੰ ਬੈਰੂਤ ਦੇ ਦੱਖਣੀ ਉਪਨਗਰਾਂ ’ਚ ਦਹੀਏਹ ’ਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਤਣਾਅ ਦੌਰਾਨ ਤਾਜ਼ਾ ਹਮਲੇ ਹੋਏ, ਜਿਸ ’ਚ ਹਿਜ਼ਬੁੱਲਾ ਦੇ ਚੋਟੀ ਦੇ ਫੌਜੀ ਕਮਾਂਡਰ ਫਾਦ ਸ਼ੋਕੋਰ ਦੀ ਮੌਤ ਹੋ ਗਈ ਸੀ। ਹਿਜ਼ਬੁੱਲਾ ਦੇ ਸਕੱਤਰ ਜਨਰਲ ਹਸਨ ਨਸਰੱਲਾਹ ਨੇ ਇਜ਼ਰਾਈਲੀ ਹਮਲੇ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ।

ਇਜ਼ਰਾਈਲ ਨੂੰ ਜਲਦ ਰੋਕਣਾ ਜ਼ਰੂਰੀ : ਈਰਾਨ

ਤਹਿਰਾਨ : ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ 10 ਮਹੀਨਿਆਂ ਤੋਂ ਗਾਜ਼ਾ ਪੱਟੀ ’ਚ ਖੂਨ-ਖਰਾਬਾ ਅਤੇ ਤਬਾਹੀ ਮਚਾ ਰਿਹਾ ਹੈ ਅਤੇ ਹੁਣ ਉਸ ਨੇ ਆਪਣੇ ਅਪਰਾਧਾਂ ਦੀ ਹੱਦ ਲੇਬਨਾਨ, ਈਰਾਨ ਅਤੇ ਯਮਨ ਤੱਕ ਵਧਾ ਦਿੱਤੀ ਹੈ, ਇਸ ਲਈ ਇਸ ਨੂੰ ਜਲਦੀ ਰੋਕਣਾ ਜ਼ਰੂਰੀ ਹੈ। ਈਰਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਲੀ ਬਾਘੇਰੀ ਕਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੂੰ ਜੇ ਜਲਦੀ ਨਾ ਰੋਕਿਆ ਗਿਆ ਤਾਂ ਪੱਛਮੀ ਏਸ਼ੀਆ ਅਤੇ ਦੁਨੀਆ ਦੀ ਸ਼ਾਂਤੀ ਖ਼ਤਰੇ ’ਚ ਪੈ ਜਾਵੇਗੀ।

ਕਾਨੀ ਨੇ ਕਿਹਾ ਕਿ ਇਜ਼ਰਾਈਲ ਨੇ ਪਿਛਲੇ 10 ਮਹੀਨਿਆਂ ਤੋਂ ਗਾਜ਼ਾ ਪੱਟੀ ਵਿਚ ਖੂਨ-ਖਰਾਬਾ ਅਤੇ ਤਬਾਹੀ ਮਚਾਈ ਹੋਈ ਹੈ ਅਤੇ ਹੁਣ ਆਪਣੇ ਅਪਰਾਧਾਂ ਦੀ ਹੱਦ ਬੈਰੂਤ, ਤਹਿਰਾਨ ਅਤੇ ਯਮਨ ਤੱਕ ਵਧਾ ਦਿੱਤੀ ਹੈ। ਅਜਿਹੇ ’ਚ ਜੇ ਇਨ੍ਹਾਂ ਅੱਤਵਾਦੀ ਅਪਰਾਧੀਆਂ ਨੂੰ ਨਾ ਰੋਕਿਆ ਗਿਆ ਤਾਂ ਉਹ ਖੇਤਰ ਅਤੇ ਦੁਨੀਆ ’ਚ ਸ਼ਾਂਤੀ ਅਤੇ ਸੁਰੱਖਿਆ ਨੂੰ ਗੰਭੀਰ ਰੂਪ ਨਾਲ ਖਤਰੇ ’ਚ ਪਾ ਦੇਣਗੇ।


Harinder Kaur

Content Editor

Related News