ਅਮਰੀਕਾ ''ਚ ਤੇਜ਼ ਬਰਫ਼ਬਾਰੀ, ਟੀਕਾਕਰਣ ਮੁਹਿੰਮ ਹੋ ਸਕਦੀ ਪ੍ਰਭਾਵਿਤ
Thursday, Dec 17, 2020 - 12:06 PM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਉੱਤਰ-ਪੂਰਬੀ ਇਲਾਕੇ ਵਿਚ ਬਰਫੀਲੇ ਤੂਫ਼ਾਨ ਕਾਰਨ ਟੀਕਾਕਰਣ ਮੁਹਿੰਮ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਉੱਤਰੀ ਵਰਜੀਨੀਆ ਤੋਂ ਲੈ ਕੇ ਨਿਊਯਾਰਕ ਸਿਟੀ ਤੱਕ ਭਾਰੀ ਬਰਫਬਾਰੀ ਹੋਈ। ਕੁਝ ਸਥਾਨਾਂ 'ਤੇ 0.6 ਮੀਟਰ ਤੱਕ ਬਰਫ ਡਿਗੀ ਹੈ।
ਬਰਫਬਾਰੀ ਕਾਰਨ ਕੋਰੋਨਾ ਦੇ ਜਾਂਚ ਕੇਂਦਰਾਂ ਨੂੰ ਵੀ ਚਲਾਉਣ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਠੰਡ ਦੇ ਬਾਵਜੂਦ ਅਗਲੇ ਮੋਰਚੇ ਦੇ ਸਿਹਤ ਕਾਮਿਆਂ ਲਈ ਸੋਮਵਾਰ ਤੋਂ ਸ਼ੁਰੂ ਹੋਈ ਟੀਕਾਕਰਣ ਮੁਹਿੰਮ 'ਤੇ ਅੱਗੇ ਅਸਰ ਨਹੀਂ ਪਵੇਗਾ। ਟੀਕੇ ਦੀਆਂ 30 ਲੱਖ ਖੁਰਾਕਾਂ ਫਰੰਟ ਲਾਈਨ ਦੇ ਕਰਮਚਾਰੀਆਂ ਅਤੇ ਨਰਸਿੰਗ ਹੋਮ ਨਾਲ ਜੁੜੇ ਸਿਹਤ ਕਾਮਿਆਂ ਨੂੰ ਦਿੱਤੀਆਂ ਜਾਣਗੀਆਂ।
ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਅਲੈਕਸ ਅਜਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਟੀਕੇ ਦੀ ਵਿਵਸਥਾ 'ਤੇ ਸਖ਼ਤ ਨਜ਼ਰ ਰੱਖ ਰਹੀ ਹੈ ਅਤੇ ਤੂਫਾਨ, ਬਰਫਬਾਰੀ ਤੋਂ ਨਜਿੱਠਣ ਲਈ ਸਾਰੇ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਬਰਫਬਾਰੀ ਅਤੇ ਪ੍ਰਤੀਕੂਲ ਮੌਸਮ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਅਸੀਂ ਵੀ ਸਾਥ ਦੇ ਰਹੇ ਹਾਂ ਤੇ ਨਿਗਰਾਨੀ ਕਰ ਰਹੇ ਹਾਂ। ਟੀਕੇ ਲੈ ਜਾ ਰਹੇ ਟਰੱਕਾਂ ਨੂੰ ਬਰਫਬਾਰੀ ਕਾਰਨ ਰਾਹ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਨਿਊਯਾਰਕ ਦੇ ਗਵਰਨਰ ਮੁਤਾਬਕ ਤਕਰੀਬਨ 90 ਹਸਪਤਾਲਾਂ ਵਿਚ ਟੀਕੇ ਨੂੰ ਪਹੁੰਚਾਇਆ ਗਿਆ ਹੈ।